16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਹਾੜ੍ਹੀ ਦੀਆਂ ਫ਼ਸਲਾਂ ਦੀ ਪੂਰੀ ਕਰੋ ਬਿਜਾਈ

ਹਾੜ੍ਹੀ ਦੀਆਂ ਫ਼ਸਲਾਂ ਦੀ ਪੂਰੀ ਕਰੋ ਬਿਜਾਈ

ਅਜੀਤ ਡੈਸਕ 17-11-2026

ਨਵੰਬਰ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ | ਇਸ ਮਹੀਨੇ ਜਿੱਥੇ ਉਨ੍ਹਾਂ ਸਾਉਣੀ ਦੀਆਂ ਫ਼ਸਲਾਂ ਦੀ ਸੰਭਾਲ ਕਰਨੀ ਹੁੰਦੀ ਹੈ, ਉੱਥੇ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਵੀ ਇਸੇ ਮਹੀਨੇ ਪੂਰੀ ਕਰਨੀ ਹੁੰਦੀ ਹੈ | ਖੇਤੀ ਦੇ ਮਸ਼ੀਨੀਕਰਨ ਹੋਣ ਨਾਲ ਇਹ ਕਾਰਜ ਕੁਝ ਸੌਖਾ ਹੋ ਗਿਆ ਹੈ, ਪਰ ਫਿਰ ਵੀ ਕੰਮਕਾਰ ਦੀ ਵਿਉਂਤ ਇਸ ਢੰਗ ਨਾਲ ਬਣਾਈ ਜਾਵੇ ਕਿ ਸਾਰੇ ਕਾਰਜ ਸਮੇਂ ਸਿਰ ਪੂਰੇ ਹੋ ਸਕਣ | ਹਮੇਸ਼ਾ ਸੂਬੇ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ | ਜੇ ਹੋ ਸਕੇ ਤਾਂ ਨਦੀਨਾਂ ਦੀ ਰੋਕਥਾਮ ਗੋਡੀ ਨਾਲ ਕਰੋ ਜਾਂ ਫਿਰ ਸਿਫ਼ਾਰਸ਼ ਕੀਤੇ ਨਦੀਨ ਨਾਸ਼ਕਾਂ ਦੀ ਦੱਸੀ ਮਾਤਰਾ ਅਨੁਸਾਰ ਵਰਤੋਂ ਕਰੋ | ਸਮੇਂ ਸਿਰ ਪਾਣੀ ਲਾਉਣਾ ਵੀ ਜ਼ਰੂਰੀ ਹੈ | ਜੇ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਹੋਵੇ ਤਾਂ ਜ਼ਹਿਰਾਂ ਦੀ ਵਰਤੋਂ ਮਾਹਿਰਾਂ ਨੂੰ  ਪੁੱਛ ਕੇ ਕਰੋ | ਦੁਕਾਨਦਾਰਾਂ ਦੀ ਸਲਾਹ ਅਨੁਸਾਰ ਇਨ੍ਹਾਂ ਦੀ ਵਰਤੋਂ ਨਾ ਕਰੋ |

ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ | ਦੂਜੀਆਂ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਕਣਕ ਹੇਠ ਸਭ ਤੋਂ ਵੱਧ ਰਕਬਾ ਹੈ | ਅਸਲ ਵਿਚ ਕਣਕ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੈ | ਹਾੜ੍ਹੀ ਵਿਚ ਕਾਸ਼ਤ ਹੇਠ ਕੁਲ ਰਕਬੇ 'ਚੋਂ ਲਗਭਗ 80% ਰਕਬੇ 'ਤੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ | ਪੰਜਾਬ ਵਿਚ ਕਣਕ ਦੀ ਖੇਤੀ ਕੋਈ 35 ਲੱਖ ਹੈਕਟਰ ਵਿਚ ਹੁੰਦੀ ਹੈ ਤੇ ਇਸ ਦੀ ਉਪਜ ਕੋਈ 180 ਲੱਖ ਟਨ ਹੁੰਦੀ ਹੈ | ਅਜਿਹਾ ਵੱਧ ਝਾੜ ਦੇਣ ਵਾਲੀਆਂ ਮਧਰੀਆਂ ਕਿਸਮਾਂ ਅਤੇ ਸਿੰਚਾਈ ਸਹੂਲਤਾਂ ਵਿਚ ਵਾਧੇ ਕਰਕੇ ਹੋਇਆ ਹੈ | ਕਣਕ ਪੰਜਾਬੀਆਂ ਦਾ ਮੁੱਖ ਭੋਜਨ ਹੈ, ਪਰ ਫਿਰ ਵੀ ਕੇਂਦਰੀ ਅੰਨ ਭੰਡਾਰ ਵਿਚ 60% ਹਿੱਸਾ ਪੰਜਾਬ ਦਾ ਹੁੰਦਾ ਹੈ |
ਕਣਕ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ | ਕੱਤਕ ਮਹੀਨੇ ਨੂੰ  ਕਣਕ ਦੀ ਬਿਜਾਈ ਲਈ ਉੱਤਮ ਮੰਨਿਆ ਗਿਆ ਹੈ | ਜਿਹੜੇ ਖੇਤ ਵਿਹਲੇ ਹੋ ਰਹੇ ਹਨ, ਉੱਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ | ਜੇ ਖੇਤ ਵਿਚ ਪੂਰਾ ਵੱਤਰ ਹੈ ਅੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਖੇਤ ਵਾਹੇ ਜ਼ੀਰੋਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ | ਪੰਜਾਬ ਵਿਚ ਕਾਸ਼ਤ ਲਈ ਪੀ.ਬੀ.ਡਬਲਿਊ.-887, ਪੀ.ਬੀ.ਡਬਲਿਊ.-872 ਅਤੇ ਪੀ.ਬੀ.ਡਬਲਿਊ.-826 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ | ਪੀ.ਬੀ.ਡਬਲਿਊ.-826  ਦਾ ਝਾੜ ਕੋਈ 24 ਕੁਇੰਟਲ ਪ੍ਰਤੀ ਏਕੜ ਹੈ | ਜ਼ਿੰਕ ਦੀ ਵਧੇਰੇ ਮਾਤਰਾ ਵਾਲੀ ਇਕ ਕਿਸਮ ਪੀ.ਬੀ.ਡਬਲਿਊ. ਜ਼ਿੰਕ 2 ਹੈ, ਦੀ ਸਿਫਾਰਸ਼ ਕੀਤੀ ਗਈ ਹੈ | ਡਬਲਿਊ.ਐਚ.ਡੀ.-943, ਪੀ.ਬੀ.ਡਬਲਿਊ.-291 ਵਡਾਣਕ ਕਣਕ ਦੀਆਂ ਕਿਸਮਾਂ ਹਨ | ਮੌਸਮ ਵਿਚ ਹੋ ਰਹੀਆਂ ਤਬਦੀਲੀਆਂ ਨੂੰ  ਵੇਖਦਿਆਂ ਸਾਰੇ ਰਕਬੇ ਵਿਚ ਇਕੋ ਕਿਸਮ ਨਾ ਬੀਜੀ ਜਾਵੇ, ਸਗੋਂ ਦੋ ਜਾਂ ਤਿੰਨ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ | ਜੇਕਰ ਝੋਨੇ ਦੀ ਕਟਾਈ ਕੰਬਾਈਨ ਨਾਲ ਕੀਤੀ ਹੈ ਤੇ ਖੇਤ 'ਚ ਠੀਕ ਨਮੀ ਹੈ ਤਾਂ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ | ਖੇਤਾਂ 'ਚ ਖੜ੍ਹੀ ਪਰਾਲੀ ਨੂੰ  ਮਸ਼ੀਨ ਨਾਲ ਕੱਟ ਕੇ ਖੇਤਾਂ 'ਚ ਖਿਲਾਰਿਆ ਜਾ ਸਕਦਾ ਹੈ | ਮੁੜ ਖੇਤ ਦੀ ਵਹਾਈ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ |
ਇਕ ਏਕੜ ਦੀ ਬਿਜਾਈ ਲਈ 40 ਕਿਲੋ ਬੀਜ ਦੀ ਲੋੜ ਪੈਂਦੀ ਹੈ | ਪੀ.ਏ.ਯੂ. ਲੁਧਿਆਣਾ ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ | ਬੀਜਣ ਤੋਂ ਪਹਿਲਾਂ ਬੀਜ ਨੂੰ  ਇਸ ਦਾ ਟੀਕਾ ਜ਼ਰੂਰ ਲਗਾਓ | ਇਸ ਨਾਲ ਝਾੜ 'ਚ ਵਾਧਾ ਹੁੰਦਾ ਹੈ ਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ | ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂ.ਮੀ. ਦਾ ਫ਼ਾਸਲਾ ਰੱਖਿਆ ਜਾਵੇ | ਜੇ ਦੋਪਾਸੀ ਬਿਜਾਈ ਕੀਤੀ ਜਾਵੇ ਤਾਂ ਝਾੜ 'ਚ ਹੋਰ ਵੀ ਵਾਧਾ ਹੋ ਸਕਦਾ ਹੈ | ਜੇ ਬਿਜਾਈ ਵੱਟਾਂ 'ਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਤੇ ਝਾੜ 'ਚ ਵਾਧਾ ਹੁੰਦਾ ਹੈ | ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ | ਆਮ ਕਰਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਤੇ 20 ਕਿਲੋ ਮਿਊਰਿਏਟ ਆਫ ਪੋਟਾਸ਼ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ | ਜੇ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ | ਇਸ ਨਾਲ ਸੁਪਰਫਾਸਫੇਟ ਅੱਧੀ ਪਾਉਣੀ ਪਵੇਗੀ | ਇਹ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ | ਅੱਧਾ ਯੂਰੀਆ, ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਸਮੇਂ ਪਾਓ | ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ | ਜੇ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ ਤਾਂ 44 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਤੇ ਇੰਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ | ਨਦੀਨਾਂ ਦੀ ਰੋਕਥਾਮ ਲਈ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਇਕ ਗੋਡੀ ਕਰੋ | ਜੇ ਗੋਡੀ ਨਾ ਕੀਤੀ ਜਾ ਸਕਦੀ ਹੋਵੇ ਤਾਂ ਨਦੀਨਾਂ ਅਨੁਸਾਰ ਢੁਕਵੇਂ ਨਦੀਨ ਨਾਸ਼ਕਾਂ ਦੀ ਮਾਹਿਰਾਂ ਦੀਆਂ ਹਿਦਾਇਤਾਂ ਅਨੁਸਾਰ ਵਰਤੋਂ ਕਰੋ |
ਜੇ ਬਿਜਾਈ ਪਛੇਤੀ ਹੋਵੇ ਤਾਂ ਪਛੇਤੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ | ਪਛੇਤੀ ਬਿਜਾਈ ਲਈ ਪੀ.ਬੀ.ਡਬਲਿਊ.-771, ਪੀ.ਬੀ.ਡਬਲਿਊ.-757 ਤੇ ਪੀ.ਬੀ.ਡਬਲਿਊ.-752 ਦੀ ਸਿਫ਼ਾਰਸ਼ ਕੀਤੀ ਹੈ | ਇਸ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ | ਬਿਜਾਈ ਸਮੇਂ ਖੇਤਾਂ 'ਚ ਪੂਰੀ ਨਮੀ ਹੋਣੀ ਚਾਹੀਦੀ ਹੈ | ਕਣਕ 'ਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ, ਪਰ ਖੇਤਾਂ ਵਿਚ ਗੇੜਾ ਜ਼ਰੂਰ ਮਾਰਦੇ ਰਹਿਣਾ ਚਾਹੀਦਾ ਹੈ | ਜੇ ਕੋਈ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਰੋਕਥਾਮ ਕੀਤੀ ਜਾਵੇ | ਪੂਰਾ ਧਿਆਨ ਰੱਖਿਆਂ ਹੀ ਪੂਰਾ ਝਾੜ ਪ੍ਰਾਪਤ ਹੋ ਕੀਤਾ ਸਕਦਾ ਹੈ |
ਸਿੰਚਾਈ ਸਹੂਲਤਾਂ 'ਚ ਵਾਧਾ ਹੋਣ ਕਰਕੇ ਹਾੜ੍ਹੀ ਦੀਆਂ ਦੂਜੀਆਂ ਫ਼ਸਲਾਂ ਜੌਂ, ਛੋਲੇ, ਮਸਰ, ਸਰ੍ਹੋਂ, ਅਲਸੀ ਆਦਿ ਹੇਠ ਰਕਬਾ ਬਹੁਤ ਘਟ ਗਿਆ ਹੈ | ਕਦੇ ਕਿਸਾਨ ਘਰ ਦੀ ਲੋੜਾਂ ਲਈ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਜ਼ਰੂਰ ਕਰਦੇ ਸਨ | ਹੁਣ ਬਹੁਤੇ ਕਿਸਾਨ ਦਾਲਾਂ ਤੇ ਤੇਲ ਬਾਜ਼ਾਰ ਤੋਂ ਹੀ ਮੁੱਲ ਲੈਂਦੇ ਸਨ | ਇਨ੍ਹਾਂ ਦੀਆਂ ਨਵੀਆਂ ਕਿਸਮਾਂ ਆ ਗਈਆਂ ਹਨ, ਇਸੇ ਕਰਕੇ ਕੁਝ ਰਕਬੇ 'ਚ ਇਨ੍ਹਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ | ਜੌਆਂ ਹੇਠ ਹੁਣ ਛੇ ਹਜ਼ਾਰ ਹੈਕਟੇਅਰ ਤੋਂ ਵੀ ਘੱਟ ਰਕਬਾ ਹੈ | ਡੀ.ਡਬਲਿਊ.ਆਰ.ਬੀ.-123 ਕਿਸਮ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ | ਪੀ.ਐਲ.-891 ਕਿਸਮ ਛਿਲਕਾ ਰਹਿਤ ਹੈ | ਇਸ ਵਿਚ 12% ਪ੍ਰੋਟੀਨ ਹੁੰਦੀ ਹੈ | ਦਾਣਿਆਂ ਨੂੰ  ਭੁੰਨ ਕੇ ਜਾਂ ਆਟਾ ਬਣਾ ਕੇ ਵਰਤਿਆ ਜਾ ਸਕਦਾ ਹੈ |

-ਮੋਬਾਈਲ : 94170-87328

ਪਿਛਲੀ ਖ਼ਬਰ ਬਹੁ-ਪਰਤੀ ਖੇਤੀ ਮੁਨਾਫ਼ੇ ਵਾਲੀ ਖੇਤੀਬਾੜੀ ਦਾ ਕੁਦਰਤੀ ਮਾਡਲ ਅਗਲੀ ਖ਼ਬਰ ਮੰਡੀਆਂ 'ਚ ਲਾ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।