* ਲੋਕ ਹੋਏ ਖੱਜਲ-ਖੁਆਰ * ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ
ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਦੇ ਜਲੰਧਰ ਬਾਈਪਾਸ ਮੁੱਖ ਚੌਕ ਵਿਖੇ ਸਥਾਪਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਦਲਿਤ ਸਮਾਜ ਵਲੋਂ ਦਿੱਤੇ ਲੁਧਿਆਣਾ ਬੰਦ ਦੇ ਸੱਦੇ ਨੂੰ ਸ਼ਹਿਰ ਵਿਚ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਬੰਦ ਦੌਰਾਨ ਦਲਿਤ ਸਮਾਜ ਦੇ ਆਗੂਆਂ ਦੀ ਅਗਵਾਈ ਹੇਠ ਜਲੰਧਰ ਬਾਈਪਾਸ ਚੌਕ ਦੇ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਬਾਈਪਾਸ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਬੁੱਤ ਨਾਲ ਛੇੜਛਾੜ ਦੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦਲਿਤ ਸਮਾਜ ਵਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਇਸ ਦੌਰਾਨ ਜਲੰਧਰ ਬਾਈਪਾਸ ਮੁੱਖ ਚੌਕ ’ਤੇ ਸਵੇਰੇ 10 ਵਜੇ ਤੋਂ ਦੁਪਹਿਰ 3.30 ਵਜੇ ਤੱਕ ਮੁੱਖ ਮਾਰਗ ਬੰਦ ਰਿਹਾ। ਮੁੱਖ ਮਾਰਗ ਬੰਦ ਹੋਣ ਕਾਰਨ ਦਿੱਲੀ-ਜਲੰਧਰ ਜਾਣ ਵਾਲੀ ਆਵਾਜਾਈ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਚੌਕ ਬੰਦ ਹੋਣ ਕਾਰਨ ਬੱਸਾਂ ਤੇ ਹੋਰ ਵਾਹਨਾਂ ਵਿਚ ਸਫ਼ਰ ਕਰ ਰਹੇ ਲੋਕ ਲੰਮੇ ਸਮੇਂ ਤੱਕ ਜਾਮ ਵਿਚ ਫਸੇ ਰਹੇ। ਕਈ ਯਾਤਰੀ ਬੱਸਾਂ ਵਿਚੋਂ ਉਤਰ ਕੇ ਪੈਦਲ ਆਪਣੇ ਟਿਕਾਣਿਆਂ ਵੱਲ ਗਏ। ਜਦਕਿ ਕਈ ਵਾਹਨ ਚਾਲਕਾਂ ਨੂੰ ਰਸਤਾ ਬੰਦ ਹੋਣ ਕਾਰਨ ਵਾਪਸ ਮੁੜਨਾ ਪਿਆ। ਬਾਈਪਾਸ ’ਤੇ ਲੱਗੇ ਜਾਮ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬੰਦ ਦਾ ਅਸਰ ਸ਼ਹਿਰ ਦੇ ਕਈ ਪ੍ਰਮੁੱਖ ਬਾਜ਼ਾਰਾਂ ਵਿਚ ਵੀ ਦਿਖਾਈ ਦਿੱਤਾ। ਸ਼ਹਿਰ ਦਾ ਘੰਟਾ ਘਰ, ਚੌੜਾ ਬਾਜ਼ਾਰ, ਘੁਮਾਰ ਮੰਡੀ, ਬਸਤੀ ਜੋਧੇਵਾਲ, ਸ਼ਿਵਪੁਰੀ, ਸਮਰਾਲਾ ਚੌਂਕ ਸਮੇਤ ਕਈ ਇਲਾਕਿਆਂ ਵਿਚ ਦੁਕਾਨਾਂ ਬੰਦ ਰਹੀਆਂ। ਹਾਲਾਂਕਿ ਸ਼ਹਿਰ ਭਰ ਵਿਚ ਮੁਕੰਮਲ ਬੰਦ ਨਹੀਂ ਰਿਹਾ ਅਤੇ ਕਈ ਥਾਵਾਂ ’ਤੇ ਦੁਕਾਨਾਂ ਖੁੱਲ੍ਹੀਆਂ ਵੀ ਰਹੀਆਂ। ਕੁੱਝ ਬਾਜ਼ਾਰਾਂ ਵਿਚ ਕਾਰਕੁਨਾਂ ਵਲੋਂ ਦੁਕਾਨਾਂ ਬੰਦ ਕਰਵਾਈਆਂ ਗਈਆਂ। ਵਾਲਮੀਕਿ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ 7 ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੂਰਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ। ਵਾਲਮੀਕਿ ਸੰਘਰਸ਼ ਕਮੇਟੀ ਵਲੋਂ ਭਲਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਦੋਸ਼ੀਆਂ ਦੀ ਗ੍ਰਿਫ਼ਤਾਰੀ, ਬੁੱਤ ਦੀ ਸੁਰੱਖਿਆ ਅਤੇ ਜਲੰਧਰ ਬਾਈਪਾਸ ਚੌਕ ’ਤੇ ਪੱਕੇ ਸੁਰੱਖਿਆ ਪ੍ਰਬੰਧ ਕਰਨ ਸੰਬੰਧੀ ਮੰਗਾਂ ਪ੍ਰਸ਼ਾਸਨ ਸਾਹਮਣੇ ਰੱਖੀਆਂ ਜਾਣਗੀਆਂ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਆਰ.ਡੀ. ਸ਼ਰਮਾ, ਨਰੇਸ਼ ਧੀਂਗਾਨ, ਚੌਧਰੀ ਯਸ਼ਪਾਲ, ਭਾਜਪਾ ਆਗੂ ਪ੍ਰਵੀਨ ਬਾਂਸਲ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਗੁਰਦੀਪ ਸਿੰਘ ਗੋਸ਼ਾ, ਲਵ ਦ੍ਰਾਵਿੜ ਸਮੇਤ ਹੋਰ ਆਗੂ ਮੌਜੂਦ ਸਨ। ਬੰਦ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਜਲੰਧਰ ਬਾਈਪਾਸ ਇਲਾਕੇ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਪੁਲਿਸ ਦੇ ਉਚ ਅਧਿਕਾਰੀਆਂ ਨੇ ਦਲਿਤ ਸਮਾਜ ਦੇ ਆਗੂਆਂ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਜਲੰਧਰ ਬਾਈਪਾਸ ਚੌਕ ਖੋਲ੍ਹ ਦਿੱਤਾ ਗਿਆ ਅਤੇ ਆਵਾਜਾਈ ਮੁੜ ਚਾਲੂ ਹੋਈ।