26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉੱਭਰਿਆ, ਚਾਰ ਸਾਲਾਂ ’ਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ-ਭਗਵੰਤ ਮਾਨ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਪੰਜਾਬ ਤੇਜ਼ੀ ਨਾਲ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ 1.89 ਲੱਖ ਕਰੋੜ ਦਾ ਵੱਡਾ ...

ਅਜੀਤ ਡੈਸਕ 26-09-2026

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਪੰਜਾਬ ਤੇਜ਼ੀ ਨਾਲ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ 1.89 ਲੱਖ ਕਰੋੜ ਦਾ ਵੱਡਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ ਤੇ ਰਵਾਇਤੀ ਕੇਂਦਰਾਂ ਤੋਂ ਬਾਹਰ ਵੀ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਨਵੇਂ ਨਿਵੇਸ਼ ਪ੍ਰਸਤਾਵਾਂ ਪੱਖੋਂ ਮੋਹਾਲੀ 9,478 ਕਰੋੜ ਰੁਪਏ ਦੇ ਨਿਵੇਸ਼ ਨਾਲ ਮੋਹਰੀ ਰਿਹਾ ਅਤੇ ਲੁਧਿਆਣਾ 4,968 ਕਰੋੜ ਰੁਪਏ ਦੇ ਨਿਵੇਸ਼ ਨਾਲ ਦੂਜੇ ਸਥਾਨ ’ਤੇ ਹੈ। ਨਿਵੇਸ਼ ਦਾ ਇਹ ਵਧਦਾ ਦਾਇਰਾ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ ਤੇ ਨਾਲ ਹੀ ਪੂਰੇ ਪੰਜਾਬ ’ਚ ਨੌਕਰੀਆਂ, ਉੱਦਮ ਤੇ ਵਧੇਰੇ ਆਮਦਨ ਲਈ ਨਵੇਂ ਰਾਹ ਖੋਲ੍ਹ ਰਿਹਾ ਹੈ। ਅੱਜ ਇਥੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋ-ਸਿਸਟਮ ’ਚ ਸਥਾਨਕ ਅਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਸਾਡੀ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ, ਜਵਾਬਦੇਹ ਅਧਾਰਤ ਪ੍ਰਸ਼ਾਸ਼ਨ ਅਤੇ ਆਸਾਨ ਮਨਜ਼ੂਰੀ ਪ੍ਰਕਿਰਿਆਵਾਂ ਰਾਹੀਂ ਇਕ ਅਨੁਕੂਲ, ਪਾਰਦਰਸ਼ੀ ਅਤੇ ਨਿਵੇਸ਼ਕ-ਪੱਖੀ ਕਾਰੋਬਾਰੀ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ, ਨਿਰਮਾਣ, ਇੰਜੀਨੀਅਰਿੰਗ, ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ’ਚ ਪੰਜਾਬ ਦੀਆਂ ਰਵਾਇਤੀ ਸਮਰੱਥਾਵਾਂ ਦੇ ਨਾਲ-ਨਾਲ ਤਕਨਾਲੋਜੀ, ਨਵਿਆਉਣਯੋਗ ਊਰਜਾ, ਆਟੋਮੋਬਾਈਲ ਅਤੇ ਆਧੁਨਿਕ ਨਿਰਮਾਣ ’ਚ ਸਾਡੀਆਂ ਉੱਭਰਦੀਆਂ ਸਮਰੱਥਾਵਾਂ, ਉਦਯੋਗਿਕ ਵਿਕਾਸ ਦੇ ਅਗਲੇ ਪੜਾਅ ਲਈ ਮਜ਼ਬੂਤ ਆਧਾਰ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਟਾਟਾ ਸਟੀਲ, ਜੇ.ਐਸ.ਡਬਲਯੂ ਸਟੀਲ, ਆਈਚੀ ਸਟੀਲਜ, ਵਰਧਮਾਨ, ਨੈਸਲੇ, ਹਿੰਦੁਸਤਾਨ ਲੀਵਰ, ਕਾਰਗਿਲ, ਡੀ ਹਿਊ, ਐਚ.ਐਮ.ਈ.ਐਲ., ਸੰਥਾਨ ਟੈਕਸਟਾਈਲ ਅਤੇ ਫਰੂਡਨਬਰਗ ਸਮੇਤ ਕਈ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕੀਤਾ ਹੈ ਜਾਂ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸ.ਏ.ਐਸ. ਨਗਰ (ਮੋਹਾਲੀ) ਤੇਜ਼ੀ ਨਾਲ ਪੰਜਾਬ ਦੇ ਪ੍ਰਮੁੱਖ ਆਰਥਿਕ ਅਤੇ ਉਦਯੋਗਿਕ ਵਿਕਾਸ ਕੇਂਦਰਾਂ ਵਿੱਚ ਸ਼ਾਮਿਲ ਹੋ ਰਿਹਾ ਹੈ ਅਤੇ ਵਿੱਤੀ ਸਾਲ 2022-23 ਤੋਂ 2026-27 ਦੌਰਾਨ ‘ਕਾਮਨ ਐਪਲੀਕੇਸਨ ਫਾਰਮਾਂ‘ ਰਾਹੀਂ ਪ੍ਰਾਪਤ ਹੋਏ ਨਵੇਂ ਨਿਵੇਸ਼ ਪ੍ਰਸਤਾਵਾਂ ਪੱਖੋਂ ਮੋਹਰੀ ਜ਼ਿਲ੍ਹੇ ਵਜੋਂ ਉੱਭਰਿਆ ਹੈ। ਮੋਹਾਲੀ ਨੂੰ 9,478 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ, ਜਦਕਿ ਲੁਧਿਆਣਾ ਨੂੰ 4,968 ਕਰੋੜ ਰੁਪਏ ਦੇ ਨਿਵੇਸ਼, ਪਟਿਆਲਾ ਨੂੰ 2,590 ਕਰੋੜ ਰੁਪਏ ਦੇ ਨਿਵੇਸ਼ ਅਤੇ ਹੁਸ਼ਿਆਰਪੁਰ ਨੂੰ 2,003 ਕਰੋੜ ਰੁਪਏ ਦੇ ਨਿਵੇਸ਼ ਪ੍ਰਾਪਤ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਨੂੰ 1,265 ਕਰੋੜ ਰੁਪਏ, ਬਠਿੰਡਾ ਨੂੰ 1,248 ਕਰੋੜ ਰੁਪਏ, ਕਪੂਰਥਲਾ ਨੂੰ 1,037 ਕਰੋੜ ਰੁਪਏ ਅਤੇ ਜਲੰਧਰ ਨੂੰ 1,003 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਸੀ.ਏ.ਐਫ. ਰਾਹੀਂ ਕੀਤੇ ਗਏ ਕੁੱਲ ਨਿਵੇਸ਼ ਦਾ 49.8 ਫ਼ੀਸਦੀ ਹਿੱਸਾ ਸਿਰਫ ਮੋਹਾਲੀ ਅਤੇ ਲੁਧਿਆਣਾ ’ਚ ਹੀ ਹੈ, ਜੋ ਕਿ ਪੰਜਾਬ ਦੇ ਪ੍ਰਮੁੱਖ ਆਰਥਿਕ ਕੇਂਦਰਾਂ ਵਜੋਂ ਇਨ੍ਹਾਂ ਦੋਵਾਂ ਸ਼ਹਿਰਾਂ ਦੀ ਵਧਦੀ ਮਹੱਤਤਾ ਨੂੰ ਦਰਸਾਉਂਦਾ ਹੈ। ਮੋਹਾਲੀ ’ਚ ਆਈ.ਟੀ., ਤਕਨਾਲੋਜੀ ਅਤੇ ਨਵੀਨ ਈਕੋਸਿਸਟਮ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਹ ਸ਼ਹਿਰ ਲਗਾਤਾਰ ਇਕ ਪ੍ਰਮੁੱਖ ਤਕਨਾਲੋਜੀ ਹੱਬ ਵਜੋਂ ਵਿਕਸਿਤ ਹੋ ਰਿਹਾ ਹੈ ਅਤੇ ਇਸ ’ਚ ‘ਭਾਰਤ ਦੀ ਸਿਲੀਕਾਨ ਵੈਲੀ‘ ਵਜੋਂ ਉਭਰਨ ਦੀ ਅਥਾਹ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉੱਭਰਦੇ ਉਦਯੋਗਿਕ ਖੇਤਰ ’ਚ ਨਵੇਂ ਖੇਤਰ ਵੀ ਸ਼ਾਮਿਲ ਹੋ ਰਹੇ ਹਨ।  ਸੀ.ਏ.ਐਫ. ਰਾਹੀਂ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ’ਚ ਕਈ ਉੱਚ-ਵਿਕਾਸ ਵਾਲੇ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ’ਚ ਰੀਅਲ ਅਸਟੇਟ, ਮਕਾਨ ਉਸਾਰੀ ਤੇ ਬੁਨਿਆਦੀ ਢਾਂਚਾ, ਅਲੌਏ ਸਟੀਲ ਤੇ ਧਾਤ ਨਿਰਮਾਣ, ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ, ਬਾਇਓ-ਊਰਜਾ ਤੇ ਨਵਿਆਉਣਯੋਗ ਸਰੋਤ, ਆਟੋਮੋਬਾਈਲ ਕੰਪੋਨੈਂਟ, ਟੈਕਸਟਾਈਲ ਸ਼ਾਮਿਲ ਹਨ। ਉਨ੍ਹਾਂ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਪਿਛਲੀ ਖ਼ਬਰ ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ ਏਅਰ ਇੰਡੀਆ ਦਾ ਪਾਇਲਟ ਕਾਬੂ ਅਗਲੀ ਖ਼ਬਰ ਬੁਨਿਆਦੀ ਢਾਂਚੇ ਤੇ ਨਵੀਨਤਾ ਨਾਲ ਦੇਸ਼ ਤਰੱਕੀ ਤੇ ਖੁਸ਼ਹਾਲੀ ਵੱਲ ਵਧਦਾ ਹੈ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।