ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 13 ਅਕਤੂਬਰ-ਸਥਾਨਕ ਸ਼ਹਿਰ ’ਚ ਅੱਜ ਸਵੇਰੇ ਉਦੋਂ ਸਹਿਮ ਫੈਲ ਗਿਆ ਜਦੋਂ ਇਕ ਦਵਾਈ ਵਿਕਰੇਤਾ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ (43) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀਬਾਰੀ ’ਚ ਝੋਟਾ ਦੇ 4 ਸਾਥੀ ਵੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੱਤਿਆ ਤੋਂ ਬਾਅਦ ਦੋਸ਼ੀ ਅਸ਼ਵਨੀ ਕੁਮਾਰ ਫਰਾਰ ਹੋ ਗਿਆ। ਬਾਅਦ ’ਚ ਪੁਲਿਸ ਨੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ’ਚ ਲੈ ਲਿਆ। ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਵਲੋਂ ਪਿਛਲੇ ਵਰ੍ਹਿਆਂ ਤੋਂ ਮਾਲਵਾ ਖੇਤਰ ਦੇ ਇਧਰਲੇ ਜ਼ਿਲ੍ਹਿਆਂ ’ਚ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੋਧ ’ਚ ਮੁਹਿੰਮ ਚਲਾਈ ਹੋਈ ਸੀ। ਅੱਜ ਜਦੋਂ ਝੋਟੇ ਦੀ ਟੀਮ ਨੂੰ ਸ਼ਹਿਰ ਦੇ ਰੇਲਵੇ ਫਾਟਕ ਨਜ਼ਦੀਕ ਅਸ਼ਵਨੀ ਮੈਡੀਕੋਜ਼ ਤੋਂ ਇਕ ਬਜ਼ੁਰਗ ਵਲੋਂ ਨਸ਼ੇ ਵਾਲੇ ਕੈਪਸੂਲ ਖ਼ਰੀਦਣ ਦੀ ਸੂਹ ਮਿਲੀ ਤਾਂ ਉਹ ਦਵਾਈ ਵਿਕਰੇਤਾ ਦੀ ਦੁਕਾਨ ’ਤੇ ਪਹੁੰਚ ਗਏ। ਉਨ੍ਹਾਂ ਦੀ ਉਸ ਨਾਲ ਬਹਿਸਬਾਜ਼ੀ ਹੋ ਗਈ। ਦੁਕਾਨ ਮਾਲਕ ਅਸ਼ਵਨੀ ਕੁਮਾਰ ਨੇ ਤੂੰ-ਤੂੰ ਮੈਂ-ਮੈਂ ਦੇ ਚੱਲਦਿਆਂ ਪਿਸਤੌਲ ਕੱਢ ਲਿਆ ਤਾਂ ਝੋਟੇ ਨੇ ਕਿਹਾ ਕਿ ਮੇਰੇ ਗੋਲੀ ਮਾਰ। ਬਹਿਸਬਾਜ਼ੀ ਇਥੋਂ ਤੱਕ ਪਹੁੰਚ ਗਈ ਕਿ ਜਦੋਂ ਪਰਵਿੰਦਰ ਦੁਕਾਨ ਤੋਂ ਮੁੜਨ ਲੱਗਾ ਤਾਂ ਅਸ਼ਵਨੀ ਕੁਮਾਰ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਜੋ ਨੌਜਵਾਨਾਂ ਨੂੰ ਖਹਿ ਕੇ ਲੰਘ ਗਈ। ਇਸੇ ਦੌਰਾਨ ਉਸ ਨੇ ਇਕ ਹੋਰ ਗੋਲੀ ਝੋਟੇ ਦੇ ਪੱਟ ’ਚ ਮਾਰ ਦਿੱਤੀ। ਪਰਵਿੰਦਰ ਸਿੰਘ ਝੋਟਾ ਭੱਜ ਕੇ ਨੇੜੇ ਹੀ ਬੂਟਾਂ ਵਾਲੀ ਦੁਕਾਨ ’ਚ ਜਾ ਵੜਿਆ। ਦਵਾਈ ਵਿਕਰੇਤਾ ਵੀ ਹਥਿਆਰ ਲੈ ਕੇ ਦੁਕਾਨ ’ਚ ਪਹੁੰਚ ਗਿਆ ਅਤੇ ਉਸ ਨੇ 2 ਹੋਰ ਫਾਇਰ ਝੋਟੇ ’ਤੇ ਦਾਗ਼ ਦਿੱਤੇ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਪਰਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਸਰੇ ਪਾਸੇ 4 ਨੌਜਵਾਨਾਂ ’ਚੋਂ ਇਕ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਬਾਹਰਲੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਜਿਉਂ ਹੀ ਘਟਨਾ ਦੀ ਜਾਣਕਾਰੀ ਦੀ ਸੋਸ਼ਲ, ਬਿਜਲਈ ਤੇ ਪ੍ਰਿੰਟ ਮੀਡੀਆ ਵਲੋਂ ਬ੍ਰੇਕਿੰਗ ਨਿਊਜ਼ ਚਲਾਈ ਗਈ ਤਾਂ ਪੂਰੇ ਪੰਜਾਬ ’ਚ ਚਰਚਾ ਫੈਲ ਗਈ ਤੇ ਆਮ ਲੋਕਾਂ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਕਾਰਕੁਨਾਂ ਨੇ ਝੋਟੇ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਹਨੇਰੀ ਲਿਆ ਦਿੱਤੀ। ਉੱਧਰ ਸ਼ਹਿਰੀ ਤੇ ਪਰਵਿੰਦਰ ਦੇ ਸਮਰਥਕ ਹਸਪਤਾਲ ਪਹੁੰਚ ਗਏ, ਜਿਥੇ ਉਨ੍ਹਾਂ ਪੁਲਿਸ ਤੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਲੋਕਾਂ ਨੇ ਬਾਰ੍ਹਾਂ ਹੱਟਾਂ ਚੌਕ ’ਚ ਧਰਨਾ ਲਗਾ ਲਿਆ ਅਤੇ ਮੌਕੇ ’ਤੇ ਲੱਖਾ ਸਿਧਾਣਾ, ਭਾਨਾ ਸਿੱਧੂ ਆਦਿ ਝੋਟੇ ਦੇ ਸਾਥੀ ਪਹੁੰਚ ਗਏ, ਜਿਨ੍ਹਾਂ ਸ਼ਹਿਰ ’ਚ ਰੋਸ ਮਾਰਚ ਕੱਢਣ ਉਪਰੰਤ ਬਰਨਾਲਾ-ਸਿਰਸਾ ਮੁੱਖ ਮਾਰਗ ’ਤੇ ਤਿੰਨਕੋਨੀ ਕੋਲ ਰੋਸ ਧਰਨਾ ਲਗਾ ਲਿਆ। ਇਹ ਧਰਨਾ ਦੇਰ ਸ਼ਾਮ ਖ਼ਬਰ ਲਿਖਣ ਤੱਕ ਜਾਰੀ ਸੀ। ਸੰਘਰਸ਼ਕਾਰੀਆਂ ਨੇ ਐਲਾਨ ਕੀਤਾ ਕਿ ਸਖ਼ਤ ਕਾਰਵਾਈ ਕਰਨ ਦੇ ਨਾਲ ਹੀ ਮੁੱਖ ਮੰਗਾਂ ਮੰਨਣ ਤੱਕ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਤੇ ਧਰਨਾ ਨਿਰੰਤਰ ਜਾਰੀ ਰਹੇਗਾ। ਕਾਬਲੇ-ਗ਼ੌਰ ਰਹੇ ਕਿ ਜੁਲਾਈ 2023 ’ਚ ਨਸ਼ੀਲੀਆਂ ਦਵਾਈਆਂ ਫੜ ਕੇ ਝੋਟੇ ਨੇ ਉਕਤ ਦੁਕਾਨਦਾਰ ਦੇ ਗਲ ’ਚ ਜੁੱਤੀਆਂ ਦਾ ਹਾਰ ਪਾ ਕੇ ਸ਼ਹਿਰ ’ਚ ਘੁਮਾਇਆ ਸੀ। ਉਦੋਂ ਤੋਂ ਝੋਟੇ ਵਲੋਂ ਇਸ ਦੁਕਾਨਦਾਰ ਦੀਆਂ ਗਤੀਵਿਧੀਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਹੋਈ ਸੀ। ਅੱਜ ਸ਼ਹਿਰ ’ਚ ਸਾਰਾ ਦਿਨ ਸਹਿਮ ਵਾਲਾ ਮਾਹੌਲ ਸੀ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਮੁੱਖ ਮਾਰਗ ’ਤੇ ਜਾਮ ਲੱਗਣ ਕਰ ਕੇ ਆਵਾਜਾਈ ਵੀ ਪੁਲਿਸ ਨੂੰ ਇੱਧਰੋ-ਉੱਧਰੋਂ ਦੀ ਲੰਘਾਉਣੀ ਪਈ। ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਪਰਵਿੰਦਰ ਦੀ ਮ੍ਰਿਤਕ ਦੇਹ ਸੌਂਪਣ ਦੀ ਮੰਗ ਕੀਤੀ ਪਰ ਪੁਲਿਸ ਨੇ ਲਾਸ਼ ਉਨ੍ਹਾਂ ਦੇ ਹਵਾਲੇ ਨਹੀਂ ਕੀਤੀ।
ਨੌਜਵਾਨਾਂ ਨੇ ਦੁਕਾਨ ਦੀ ਕੀਤੀ ਭੰਨ-ਤੋੜ
ਉੱਧਰ ਰੋਹ ’ਚ ਆਏ ਨੌਜਵਾਨਾਂ ਨੇ ਦਵਾਈ ਵਿਕਰੇਤਾ ਦੀ ਦੁਕਾਨ ਦੀ ਭੰਨ-ਤੋੜ ਕਰ ਦਿੱਤੀ ਅਤੇ ਨੇੜੇ ਹੀ ਖੜ੍ਹੀ ਇਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਪਹੁੰਚ ਗਈ, ਜਿਨ੍ਹਾਂ ਇਸ ਇਲਾਕੇ ਨੂੰ ਛਾਉਣੀ ’ਚ ਬਦਲ ਦਿੱਤਾ। ਇਸੇ ਦੌਰਾਨ ਨਿਹੰਗ-ਸਿੰਘਾਂ ਦੇ ਇਕ ਜਥੇ ਵਲੋਂ ਸ਼ਸਤਰਾਂ ਨਾਲ ਸ਼ਹਿਰ ’ਚ ਰੋਸ ਮਾਰਚ ਵੀ ਕੱਢਿਆ ਗਿਆ।
ਹਾਈ ਕੋਰਟ ਤੋਂ ਸੁਰੱਖਿਆ ਮੰਗੀ ਸੀ, ਪਰ ਨਹੀਂ ਮਿਲੀ ਮਦਦ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ 28 ਜੁਲਾਈ, 2023 ਨੂੰ ਆਪਣੇ ਪੁੱਤਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਪੰਜਾਬ ਦੇ ਰਾਜਪਾਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ, ਮਨੁੱਖੀ ਅਧਿਕਾਰ ਕਮਿਸ਼ਨ, ਡੀ.ਜੀ.ਪੀ. ਅਤੇ ਆਈ.ਜੀ. ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਝੋਟਾ ਦੇ ਵਕੀਲ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਪ੍ਰਸ਼ਾਸਨ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਉਸ ਦਾ ਕਤਲ ਨਾ ਹੁੰਦਾ।
ਆਪਣੇ ਪੁੱਤ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਾਂਗੇ-ਫ਼ੌਜੀ ਭੀਮ ਸਿੰਘ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਲੋਕਾਂ ਦੇ ਪੁੱਤਾਂ ਦੀ ਜਾਨ ਬਚਾਉਂਦਾ ਹੋਇਆ ਖ਼ੁਦ ਮੌਤ ਦੇ ਮੂੰਹ ਜਾ ਪਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪਰਵਿੰਦਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਹ ਖੁਦ ਮੋਹਰੀ ਹੋ ਕੇ ਭਖਾਉਣਗੇ ਅਤੇ ਇਹ ਮੁਹਿੰਮ ਹੋਰ ਪ੍ਰਚੰਡ ਕੀਤੀ ਜਾਵੇਗੀ।
ਧਰਨੇ ’ਚ ਕੌਣ-ਕੌਣ ਪਹੁੰਚੇ
ਤਿੰਨਕੋਨੀ ’ਤੇ ਲਗਾਏ ਧਰਨੇ ਨੂੰ ਸੰਬੋਧਨ ਕਰਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ (ਵਾਰਿਸ ਪੰਜਾਬ ਦੇ) ਪ੍ਰਧਾਨ ਤਰਸੇਮ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਐਡਵੋਕੇਟ ਹਰਪਾਲ ਸਿੰਘ ਖਾਰਾ ਤੇ ਇਮਾਨ ਸਿੰਘ ਖਾਰਾ, ਲੋਕ ਸਭਾ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਤੇ ਸੁਖਵਿੰਦਰ ਸਿੰਘ ਔਲਖ, ਕਾਂਗਰਸ ਆਗੂ ਰਜਿੰਦਰ ਦੀਪਾ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਅਮਨ ਸਿੰਗਲਾ ਢੈਪਈ, ਮੈਡਮ ਅੰਮ੍ਰਿਤ ਗਿੱਲ, ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਮਾਜਿਕ ਕਾਰਕੁਨ ਲੱਖਾ ਸਿਧਾਣਾ, ਭਾਨਾ ਸਿੰਘ ਸਿੱਧੂ, ਮੋਹਨਜੀਤ ਸਿੰਘ ਸ਼ੇਰੋਂ, ਅਮਿਤੋਜ ਮਾਨ, ਗਿੱਲ ਰੌਂਤਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪਰਮਿੰਦਰ ਸਿੰਘ ਬਾਲਿਆਂਵਾਲੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮਾ. ਮਿੱਠੂ ਸਿੰਘ ਕਾਹਨੇਕੇ, ਉੱਘੇ ਸਿੱਖ ਪ੍ਰਚਾਰਕ ਬਾਬਾ ਬੂਟਾ ਸਿੰਘ ਗੁਰਥੜੀ, ਸੀ.ਪੀ.ਆਈ. ਦੇ ਕ੍ਰਿਸ਼ਨ ਚੌਹਾਨ, ਆਰ.ਟੀ.ਆਈ. ਕਾਰਕੁਨ ਮਾਣਿਕ ਗੋਇਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓਂ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਲਖਵਿੰਦਰ ਸਿੰਘ ਮੂਸਾ ਤੇ ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਇਸਤਰੀ ਆਗੂ ਜਸਵੀਰ ਕੌਰ ਨੱਤ, ਧੰਨਾ ਮੱਲ ਗੋਇਲ, ਇੰਦਰਜੀਤ ਸਿੰਘ ਮੁਨਸ਼ੀ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਵਿਦਿਆਰਥੀ ਆਗੂ ਅਰਵਿੰਦਰ ਕੌਰ, ਅਮਨਦੀਪ ਸਿੰਘ ਪਟਵਾਰੀ, ਸਹਿਜਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਗਗਨਦੀਪ ਸ਼ਰਮਾ ਆਦਿ ਸਨ।
ਰਵਨੀਤ ਸਿੰਘ ਬਿੱਟੂ ਦਾ ਕੀਤਾ ਵਿਰੋਧ
ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਜਦੋਂ ਤਿੰਨਕੋਨੀ ਕੋਲ ਲੱਗੇ ਧਰਨੇ ’ਚ ਪਹੁੰਚੇ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਆਮਦ ’ਤੇ ਬਿੱਟੂ ਦੇ ਦਾਦੇ ਦਾ ਨਾਂਅ ਲੈ ਕੇ ਨਾਅਰੇਬਾਜ਼ੀ ਕਰ ਦਿੱਤੀ। ਸਾਬਕਾ ਕੇਂਦਰੀ ਮੰਤਰੀ ਉੱਥੋਂ ਸਿੱਧਾ ਹੀ ਲੰਘ ਗਏ ਅਤੇ ਉਹ ਸਿਵਲ ਹਸਪਤਾਲ ਵਿਖੇ ਪਹੁੰਚ ਗਏ, ਜਿਥੇ ਮੁਰਦਾਘਰ ’ਚ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ। ਇਥੇ ਵੀ ਹਾਜ਼ਰ ਨੌਜਵਾਨਾਂ ਨੇ ਬਿੱਟੂ ਦਾ ਵਿਰੋਧ ਕਰ ਦਿੱਤਾ।
ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਹੱਤਿਆ
*4 ਸਾਥੀ ਵੀ ਜ਼ਖ਼ਮੀ *ਮੁੱਖ ਮੁਲਜ਼ਮ ਫਰਾਰ-1 ਗ੍ਰਿਫ਼ਤਾਰ *ਰੋਹ ’ਚ ਆਏ ਨੌਜਵਾਨਾਂ ਵਲੋਂ ਦੁਕਾਨ ਦੀ ਭੰਨ-ਤੋੜ, ਨਿਹੰਗ ਸਿੰਘਾਂ ਨੇ ਰੋਸ ਮਾਰਚ ਕੱਢਿਆ *ਬਰਨਾਲਾ-ਸਿਰਸਾ ਮੁੱਖ ਮਾਰਗ ’ਤੇ ਅਣਮਿੱਥੇ ਸਮੇਂ ਲਈ ਧਰਨਾ ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 13 ਅਕਤੂਬਰ-ਸਥਾਨਕ ਸ਼ਹਿਰ ’ਚ ਅੱਜ ਸਵੇਰੇ ਉਦੋਂ ਸਹਿਮ ਫੈਲ ਗਿਆ ਜਦੋਂ ਇਕ ਦਵਾਈ ਵਿਕਰੇਤਾ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ (43) ...
ਅਜੀਤ ਡੈਸਕ
14-10-2026