27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਲੂਲਾ ਦਾ ਸਿਲਵਾ ਚੌਥੀ ਵਾਰ ਬਣੇ ਬ੍ਰਾਜ਼ੀਲ ਦੇ ਰਾਸ਼ਟਰਪਤੀ

ਲੂਲਾ ਦਾ ਸਿਲਵਾ ਚੌਥੀ ਵਾਰ ਬਣੇ ਬ੍ਰਾਜ਼ੀਲ ਦੇ ਰਾਸ਼ਟਰਪਤੀ

ਅਜੀਤ ਡੈਸਕ 27-10-2026

ਬ੍ਰਾਸੀਲੀਆ, 26 ਅਕਤੂਬਰ (ਏਜੰਸੀ)-ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨੇ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ’ਚ ਚੌਥੀ ਵਾਰ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਫਲਾਵਿਓ ਬੋਲਸੋਨਾਰੋ ਨੂੰ ਹਰਾਇਆ ਹੈ। ਲੂਲਾ ਨੇ 2022 ਦੀਆਂ ਚੋਣਾਂ ’ਚ ਫਲਾਵਿਓ ਦੇ ਪਿਤਾ ਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਵੀ ਹਰਾਇਆ ਸੀ। ਪਹਿਲੇ ਗੇੜ ਦੀਆਂ ਵੋਟਾਂ ’ਚ ਲੂਲਾ, ਫਲਾਵਿਓ ਬੋਲਸੋਨਾਰੋ ਤੋਂ ਪਿੱਛੇ ਰਹਿ ਗਏ ਸਨ, ਪਰ ਦੂਜੇ ਗੇੜ ’ਚ ਉਨ੍ਹਾਂ ਬਾਜ਼ੀ ਪਲਟ ਦਿੱਤੀ। ਪਹਿਲੇ ਗੇੜ ’ਚ ਫਲਾਵਿਓ ਨੂੰ 47 ਫ਼ੀਸਦੀ ਵੋਟਾਂ ਮਿਲੀਆਂ ਸਨ ਜਦਕਿ ਲੂਲਾ ਨੂੰ 45 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ। ਬ੍ਰਾਜ਼ੀਲ ’ਚ 1989 ’ਚ ਸਿੱਧੀਆਂ ਰਾਸ਼ਟਰਪਤੀ ਚੋਣਾਂ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਪਹਿਲੇ ਗੇੜ ’ਚ ਦੂਜੇ ਸਥਾਨ ’ਤੇ ਰਹਿਣ ਵਾਲਾ ਉਮੀਦਵਾਰ ਆਖ਼ਰੀ ਗੇੜ ’ਚ ਜਿੱਤ ਕੇ ਰਾਸ਼ਟਰਪਤੀ ਬਣਿਆ ਹੈ। ਲੂਲਾ ਦਾ ਸਿਲਵਾ 2002 ਤੋਂ 2010 ਤੱਕ ਲਗਾਤਾਰ ਦੋ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ 2022 ਦੀਆਂ ਰਾਸ਼ਟਰਪਤੀ ਚੋਣਾਂ ’ਚ ਵੀ ਜਿੱਤ ਹਾਸਿਲ ਕੀਤੀ ਸੀ।

 

 

ਪ੍ਰਧਾਨ ਮੰਤਰੀ ਮੋਦੀ ਵਲੋਂ ਵਧਾਈ
ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਮੁੜ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਜਿੱਤ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਬਹੁਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਤੇ ਵਿਸ਼ਾਲ ਬਣਾਉਣ ਲਈ ਲੂਲਾ ਨਾਲ ਮਿਲ ਕੇ ਕੰਮ ਕਰਨ ਵਾਸਤੇ ਉਤਸੁਕ ਹਨ।  ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ, “ਮੇਰੇ ਪਿਆਰੇ ਦੋਸਤ ਤੇ ਰਾਸ਼ਟਰਪਤੀ ਲੂਲਾ ਨੂੰ ਮੁੜ ਚੋਣ ਜਿੱਤਣ ’ਤੇ ਦਿਲੋਂ ਵਧਾਈਆਂ। ਮੈਂ ਭਾਰਤ-ਬ੍ਰਾਜ਼ੀਲ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਤੇ ਵਿਸ਼ਾਲ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਬ੍ਰਾਜ਼ੀਲ ਵੱਖ-ਵੱਖ ਖੇਤਰਾਂ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ, ਗਲੋਬਲ ਸਾਊਥ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣਗੇ ਅਤੇ ਵਧੇਰੇ ਸਮਾਵੇਸ਼ੀ, ਬਰਾਬਰੀ ਵਾਲੇ ਅਤੇ ਟਿਕਾਊ ਸੰਸਾਰ ਦੀ ਸਿਰਜਣਾ ਲਈ ਯਤਨ ਜਾਰੀ ਰੱਖਣਗੇ।

ਪਿਛਲੀ ਖ਼ਬਰ ਗੁਹਾਟੀ ਦੇ ਹੋਟਲ ’ਚ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਦਾ ਮਨਮੋਹਕ ਦ੍ਰਿਸ਼। ਅਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।