30 ਜ਼ਖ਼ਮੀ, ਮੋਟਰਸਾਈਕਲ ਸਵਾਰ ਨੂੰ ਬਚਾਉਣ ਸਮੇਂ ਵਾਪਰਿਆ ਹਾਦਸਾ
ਨੌਸ਼ਹਿਰਾ ਪੰਨੂੰਆਂ/ਤਰਨ ਤਾਰਨ, 14 ਨਵੰਬਰ (ਹਰਿੰਦਰ ਸਿੰਘ, ਦੀਪਕ ਮੈਣੀ)- ਅੱਜ ਦੇਰ ਸ਼ਾਮ ਅੰਮ੍ਰਿਤਸਰ-ਗੰਗਾਨਗਰ ਨੈਸ਼ਨਲ ਹਾਈਵੇ ਸਥਿਤ ਪਿੰਡ ਨੌਸ਼ਹਿਰਾ ਪੰਨੂਆਂ ਦੇ ਨਜ਼ਦੀਕ ਮੁੱਖ ਮੰਤਰੀ ਤੀਰਥ ਯਾਤਰਾ ਵਾਲੀਆਂ 2 ਬੱਸਾਂ ਆਪਸ ਵਿਚ ਟਕਰਾਅ ਗਈਆਂ । ਇਹ ਹਾਦਸਾ ਮੋਟਰਸਾਈਕਲ ਸਵਾਰ ਇਕ ਵਿਅਕਤੀ ਤੇ ਔਰਤ ਨੂੰ ਬਚਾਉਂਦੇ ਸਮੇਂ ਵਾਪਰਿਆ । ਇਸ ਹਾਦਸੇ ਵਿਚ ਬੱਸਾਂ ਵਿਚ ਸਵਾਰ 3 ਸ਼ਰਧਾਲੂਆਂ ਦੀ ਤੇ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਇਲਾਜ ਦੌਰਾਨ ਦੇਰ ਸ਼ਾਮ ਹਸਪਤਾਲ ’ਚ ਮੌਤ ਹੋਈ । ਇਨ੍ਹਾਂ ਤੋਂ ਇਲਾਵਾ 30 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨਿਰਮਲ ਉਸੇਪਚਨ ਤੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ । ਜ਼ਖਮੀਆਂ ਵਿਚ 6 ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਇਕ ਸ਼ਰਧਾਲੂ ਦੀ ਮੌਤ ਹੋਈ । ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਨੰਬਰ ਐੱਚ.ਆਰ.55.ਏ.ਬੀ. 8318 ਵਿਚ ਸਵਾਰ ਸ਼ਰਧਾਲੂ ਅੰਮ੍ਰਿਤਸਰ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਪਿੰਡ ਬਰਗਾੜੀ ਤੇ ਆਸ-ਪਾਸ ਜ਼ਿਲ੍ਹਾ ਫਰੀਦਕੋਟ ਨੂੰ ਵਾਪਸ ਜਾ ਰਹੇ ਸਨ । ਜਦਕਿ ਦੂਸਰੀ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੰਬਰ ਪੀ.ਬੀ.01 ਏ.9912 ਜੋ ਕਿ ਪਿੰਡ ਭੀੜੀਵਾਲ ਹਲਕਾ ਲੰਬੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਆ ਰਹੀ ਸੀ । ਜਦ ਇਹ ਦੋਵੇਂ ਬੱਸਾਂ ਨੌਸ਼ਹਿਰਾਂ ਪੰਨੂੰਆਂ ਨਜ਼ਦੀਕ ਪੁੱਜੀਆਂ ਤਾਂ ਅੰਮ੍ਰਿਤਸਰ ਤੋਂ ਜਾ ਰਹੀ ਬੱਸ ਦੇ ਡਰਾਈਵਰ ਮਦਨ ਲਾਲ ਨੇ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਜਿਸਦੇ ਪਿੱਛੇ ਉਸ ਦੀ ਮਾਤਾ ਬੈਠੀ ਹੋਈ ਸੀ, ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਬੱਸ ਸਾਹਮਣੇ ਤੋਂ ਆ ਰਹੀ ਦੂਸਰੀ ਬੱਸ ਨਾਲ ਟਕਰਾਈ । ਇਸ ਦੁੱਖਦਾਈ ਘਟਨਾ ਵਿਚ 4 ਸ਼ਰਧਾਲੂਆਂ ਅਤੇ ਜਿਸ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਹੋਇਆ, ਇਸ ਉਪਰ ਸਵਾਰ ਦਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਫੈਲੋਕੇ ਨਾਮਕ ਔਰਤ ਦੀ ਵੀ ਮੌਤ ਹੋ ਗਈ ਹੈ । ਇਸ ਹਾਦਸੇ ਵਿਚ ਰੌਸ਼ਨੀ ਪਤਨੀ ਪੱਪਾ ਰਾਮ ਵਾਸੀ ਮੁਕਤਸਰ, ਸ਼ਿ੍ਸ਼ਟੀ ਪਤਨੀ ਗੋਲਕ ਰਾਮ ਵਾਸੀ ਮੁਕਤਸਰ, ਤੇਜਾ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਮੁਕਤਸਰ, ਕੁਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਰਗਾੜੀ, ਗੁਰਦੀਪ ਕੌਰ ਪਤਨੀ ਭੋਲਾ ਸਿੰਘ ਵਾਸੀ ਬਠਿੰਡਾ, ਪਰਮਜੀਤ ਕੌਰ ਪਤਨੀ ਜਗਦੇਵ ਸਿੰਘ ਵਾਸੀ ਫਰੀਦਕੋਟ, ਛੋਟੂ ਸਿੰਘ ਪੁੱਤਰ ਮਨੀ ਸਿੰਘ ਵਾਸੀ ਫਰੀਦਕੋਟ, ਮਨਜੀਤ ਕੌਰ ਪਤਨੀ ਨਛੱਤਰ ਸਿੰਘ ਵਾਸੀ ਬਰਗਾੜੀ, ਜਸਮੇਲ ਕੌਰ ਪਤਨੀ ਛੋਟਾ ਸਿੰਘ ਵਾਸੀ ਕੋਟਕਪੂਰਾ, ਜਸਮੇਲ ਕੌਰ ਪੁੱਤਰੀ ਨਛੱਤਰ ਸਿੰਘ ਵਾਸੀ ਬਰਗਾੜੀ, ਕਮਲੇਸ਼ ਕੌਰ ਪਤਨੀ ਰਾਜਪਾਲ ਵਾਸੀ ਕੋਟਕਪੂਰਾ, ਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ, ਗੁਰਜੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਫਰੀਦਕੋਟ, ਸਤਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਫਰੀਦਕੋਟ, ਮਦਨ ਲਾਲ ਪੁੱਤਰ ਕਿੱਕਰ ਸਿੰਘ ਵਾਸੀ ਊਧਮਪੁਰ (ਡਰਾਈਵਰ), ਸਵਰਨ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਬਰਗਾੜੀ, ਸੇਵਾ ਸਿੰਘ ਅਤੇ ਇਕ ਅਣਪਛਾਤਾ ਸ਼ਰਧਾਲੂ ਸ਼ਾਮਿਲ ਸਨ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ । ਘਟਨਾ ਦਾ ਪਤਾ ਲੱਗਣ ’ਤੇ ਡਿਪਟੀ ਕਮਿਸ਼ਨਰ ਨਿਰਮਲ ਉਸੇਪਚਨ, ਐੱਸ.ਐੱਸ.ਪੀ. ਸੁਰਿੰਦਰ ਲਾਂਬਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅੰਗਦਦੀਪ ਸਿੰਘ ਸੋਹਲ ਨੇ ਸਿਵਲ ਹਸਪਤਾਲ ਜਾ ਕੇ ਜਿਥੇ ਜ਼ਖਮੀਆਂ ਦਾ ਹਾਲ ਪੁੱਛਿਆ ਤੇ ਐੱਸ.ਐੱਮ.ਓ. ਡਾ. ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ । ਘਟਨਾ ਵਾਲੀ ਜਗ੍ਹਾ ’ਤੇ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਲ ਸਿੰਘ ਜੱਸਾ ਪੱਟੀ, ਅੰਗਦ ਸੋਹਲ, ਚੇਅਰਮੈਨ ਹਰਮਨ ਸਿੰਘ ਮੈਣੀ, ਜਸਕਰਨ ਸਿੰਘ ਗਿੱਲ, ਗੁਰਦਿਆਲ ਸਿੰਘ ਮਰਹਾਣਾ ਆਦਿ ਨੇ ਪਹੁੰਚ ਕੇ ਸ਼ਰਧਾਲੂਆਂ ਦਾ ਹਾਲ-ਚਾਲ ਪੁੱਛਿਆ ।
ਮੁੱਖ ਮੰਤਰੀ ਵਲੋਂ ਜ਼ਖਮੀਆਂ ਦੇ ਬਿਹਤਰ ਇਲਾਜ ਦੀਆਂ ਹਦਾਇਤਾਂ
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਨੌਸ਼ਹਿਰਾ ਪੰਨੂਆਂ ਨੇੜੇ ਤੀਰਥ ਯਾਤਰਾ ’ਤੇ ਜਾ ਰਹੀਆਂ ਬੱਸਾਂ ਦੇ ਹਾਦਸਾਗ੍ਰਸਤ ਹੋਣ ਦੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਭਿਆਨਕ ਸੜਕ ਹਾਦਸੇ ਵਿਚ 4 ਸ਼ਰਧਾਲੂਆਂ ਸਮੇਤ 5 ਦੀ ਜਾਨ ਜਾਣ ਦੀ ਖ਼ਬਰ ਬੇਹੱਦ ਦੁਖਦਾਈ ਹੈ । ਮੁੱਖ ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਸਾਰੇ ਸ਼ਰਧਾਲੂਆਂ ਨੂੰ ਤੁਰੰਤ ਅਤੇ ਬਿਹਤਰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਉਨ੍ਹਾਂ ਦੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਬਾਕੀ ਨਾ ਛੱਡੀ ਜਾਵੇ।