ਗੜ੍ਹਸ਼ੰਕਰ, 14 ਫਰਵਰੀ (ਧਾਲੀਵਾਲ)-ਇੱਥੇ ਗੌਰਮਿੰਟ ਟੀਚਰ ਯੂਨੀਅਨ ਇਕਾਈ ਗੜ੍ਹਸ਼ੰਕਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਗੜ੍ਹਸ਼ੰਕਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਐੱਨ.ਪੀ.ਐੱਸ. ਪੀੜਤ ਕਰਮਚਾਰੀਆਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਜਸਵੀਰ ਤਲਵਾੜਾ ਅਤੇ ਪੈਨਸ਼ਨ ਮਾਮਲਿਆਂ ਦੇ ਜਾਣਕਾਰ ਮਨਮੋਹਨ ਸਿੰਘ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਨਵੀਂ ਪੈਨਸ਼ਨ ਸਕੀਮ ਤੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਮਾਰੂ ਪ੍ਰਭਾਵ ਅਤੇ ਪੁਰਾਣੀ ਪੈਨਸ਼ਨ ਸਕੀਮ ਨਾਲ ਪ੍ਰਾਪਤ ਹੋਣ ਵਾਲੇ ਲਾਭਾਂ ਬਾਰੇ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਏ ਸੈਮੀਨਾਰ ਵਿਚ ਲੈਕਚਰਾਰ ਮਨਮੋਹਨ ਸਿੰਘ ਵੱਲੋਂ ਐੱਨ.ਪੀ.ਐੱਸ. ਪੀੜਿਤ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ ਤੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਮਾਰੂ ਆਰਥਿਕ ਪ੍ਰਭਾਵਾਂ ਬਾਰੇ ਬਰੀਕੀ ਨਾਲ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਹਾਜ਼ਰ ਸਾਥੀਆਂ ਦੇ ਜਵਾਬ ਦਿੱਤੇ | ਜਸਵੀਰ ਤਲਵਾੜਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਮੇਟੀ ਦੁਆਰਾ 2012 ਤੋਂ ਲੈ ਕੇ ਹੁਣ ਤੱਕ ਜਥੇਬੰਦਕ ਤੌਰ 'ਤੇ ਕੇਂਦਰ ਸਰਕਾਰ ਅਤੇ ਪੰਜਾਬ ਵਿਰੁੱਧ ਕੀਤੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਅਨੁਸਾਰ ਅਜੇ ਤੱਕ ਪੰਜਾਬ ਵਿਚ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਆਪਣੇ ਕੀਤੇ ਵਾਅਦੇ ਅਨੁਸਾਰ ਤੁਰੰਤ ਲਾਗੂ ਪੁਰਾਣੀ ਪੈਨਸ਼ਨ ਲਾਗੂ ਕਰੇ | ਜੇ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਤੋਂ ਉਲਟ ਪੰਜਾਬ ਵਿਚ ਯੂ.ਪੀ.ਐੱਸ. ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪੰਜਾਬ ਦੇ ਕਰਮਚਾਰੀ ਇਸ ਨੂੰ ਕਿਸੇ ਵੀ ਰੂਪ ਵਿਚ ਸਵੀਕਾਰ ਨਹੀਂ ਕਰਨਗੇ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਕਰਦਿਆਂ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਥਾਂ-ਥਾਂ ਘੇਰਿਆ ਜਾਵੇਗਾ | ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਗੜ੍ਹਸ਼ੰਕਰ ਦੇ ਪ੍ਰਧਾਨ ਸਤਪਾਲ ਮਿਨਹਾਸ ਨੇ ਵਿਸ਼ਵਾਸ ਦੁਆਇਆ ਕਿ ਗੜ੍ਹਸ਼ੰਕਰ ਦਾ ਸਮੂਹ ਐੱਨ.ਪੀ.ਐੱਸ. ਪੀੜਿਤ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੁਆਰਾ ਉਲੀਕੇ ਹਰ ਸੰਘਰਸ਼ ਵਿਚ ਵੱਧ-ਚੜ੍ਹ ਕੇ ਭਾਗ ਲਵੇਗਾ | ਜੀ.ਟੀ.ਯੂ. ਆਗੂ ਨਰੇਸ਼ ਕੁਮਾਰ ਭੰਮੀਆਂ ਨੇ ਹਰ ਸੰਘਰਸ਼ ਵਿਚ ਜਥੇਬੰਦੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਪਵਨ ਕੁਮਾਰ ਪ੍ਰਧਾਨ ਬਲਾਕ-1 ਨੇ ਪਹੁੰਚੇ ਸਾਥੀਆਂ ਦਾ ਸਵਾਗਤ ਅਤੇ ਅਸ਼ਵਨੀ ਰਾਣਾ ਪ੍ਰਧਾਨ ਬਲਾਕ-2 ਨੇ ਸਮੂਹ ਮੁਲਾਜ਼ਮਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ | ਸੈਮੀਨਾਰ ਦਾ ਸੰਚਾਲਨ ਲੈਕਚਰਾਰ ਰਾਜ ਕੁਮਾਰ ਵੱਲੋਂ ਕੀਤਾ ਗਿਆ | ਇਸ ਮੌਕੇ ਸੱਤ ਪ੍ਰਕਾਸ਼, ਮੈਡਮ ਅਨੁਰਾਧਾ ਸ਼ਰਮਾ, ਮੈਡਮ ਤਿ੍ਪਤੀ, ਗੁਰਦੇਵ ਢਿੱਲੋਂ, ਨਰੇਸ਼ ਧੀਮਾਨ, ਨਿਤਿਨ ਸੁਮਨ, ਮਨੋਜ ਕੁਮਾਰ, ਪਰਮਜੀਤ ਕਾਤਿਬ, ਸੰਦੀਪ ਬਡੇਸਰੋਂ, ਮਨੋਜ ਕੁਮਾਰ, ਹਰਦੀਪ ਕੁਮਾਰ, ਭਾਗ ਸਿੰਘ, ਲਖਵਿੰਦਰ ਢਿੱਲੋਂ, ਗੁਰਨਾਮ ਸਿੰਘ ਹਾਜੀਪੁਰ, ਦਿਲਾਵਰ ਸਿੰਘ, ਪਰਮਿੰਦਰ ਪੱਖੋਵਾਲ, ਨਰਿੰਦਰ ਕੁਮਾਰ, ਹਰਮੇਸ਼ ਕੁਮਾਰ, ਪ੍ਰਦੀਪ ਗੁਰੂ, ਬਲਵਿੰਦਰ ਖ਼ਾਨਪੁਰ, ਸੁਖਦੇਵ ਡਾਨਸੀਵਾਲ, ਮਨਜੀਤ ਸਿੰਘ, ਦਵਿੰਦਰ ਕੁਮਾਰ, ਸ਼ਾਮ ਸੁੰਦਰ ਕਪੂਰ, ਰਾਮਜੀ ਦਾਸ ਚੌਹਾਨ, ਬਲਵੰਤ ਰਾਮ, ਸ਼ਿੰਗਾਰਾ ਰਾਮ ਭੱਜਲ ਤੇ ਹੋਰ ਮੁਲਾਜ਼ਮ ਹਾਜ਼ਰ ਹੋਏ |