ਗੜ੍ਹਸ਼ੰਕਰ, 14 ਫਰਵਰੀ (ਧਾਲੀਵਾਲ)- ਸੇਵਾ-ਮੁਕਤ ਖੇਤੀਬਾੜੀ ਅਫ਼ਸਰ ਤੇ ਵਾਤਾਵਰਨ ਪ੍ਰੇਮੀ ਡਾ. ਹਰਵਿੰਦਰ ਸਿੰਘ ਬਾਠ ਨੇ ਕਿਸਾਨਾਂ ਨੂੰ ਪੀਲੀ ਕੁੰਗੀ ਅਤੇ ਤੇਲੇ ਦੀ ਬਿਮਾਰੀ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਕਿਸਾਨ ਕਣਕ ਅਤੇ ਸਰੋਂ੍ਹ ਦੀ ਫ਼ਸਲ 'ਤੇ ਪੀਲੀ ਕੁੰਗੀ ਅਤੇ ਤੇਲੇ ਦੀ ਬਿਮਾਰੀ ਦੇ ਸੰਕੇਤ ਮਿਲਣ ਤੋਂ ਬਿਨਾਂ ਹੀ ਕੋਈ ਵੀ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਵਾਈ ਦੀ ਵਰਤੋਂ ਨਾ ਕਰਨ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ 'ਤੇ ਪੀਲੀ ਕੁੰਗੀ ਤੋਂ ਬਚਾਓ ਲਈ ਉੱਲੀਨਾਸ਼ਕ ਸਪਰੇਅ ਉਸ ਸਮੇਂ ਹੀ ਕੀਤਾ ਜਾਵੇ ਜਦੋਂ ਕਣਕ ਦੇ ਪੱਤਿਆਂ 'ਤੇ ਪੀਲੀ ਕੁੰਗੀ ਦੇ ਧੱਬੇ ਨਜ਼ਰ ਆਉਣ | ਇਸੇ ਤਰ੍ਹਾਂ ਸਰੋਂ੍ਹ ਅਤੇ ਕਣਕ ਦੀ ਫ਼ਸਲ 'ਤੇ ਤੇਲੇ ਦੇ ਸੰਕੇਤ ਮਿਲਣ 'ਤੇ ਹੀ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਕੀਤਾ ਜਾਵੇ | ਡਾ. ਹਰਵਿੰਦਰ ਸਿੰਘ ਬਾਠ ਨੇ ਕਿਹਾ ਕਿ ਤੇਲੇ ਦੀ ਬਿਮਾਰੀ ਦਾ ਖ਼ਦਸ਼ਾ ਫਰਵਰੀ ਮਹੀਨੇ ਦੇ ਅਖੀਰ ਵਿਚ ਹੁੰਦਾ ਹੈ | ਉਨ੍ਹਾਂ ਕਿਹਾ ਕਿ ਬਿਨਾਂ ਬਿਮਾਰੀ ਦੇ ਸੰਕੇਤ ਤੋਂ ਫ਼ਸਲ 'ਤੇ ਸਪਰੇਅ ਕੀਤੇ ਜਾਣ ਨਾਲ ਫ਼ਾਇਦਾ ਨਹੀਂ ਸਗੋਂ ਉਲਟਾ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਬਿਮਾਰੀ ਦੀ ਮਾਰ ਤੋਂ ਪਹਿਲਾਂ ਹੀ ਸਪਰੇਅ ਕੀਤੇ ਜਾਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਜੋ ਫ਼ਸਲ ਨੂੰ ਤੇਲੇ ਦੀ ਬਿਮਾਰੀ ਤੋਂ ਬਚਾਉਂਦੇ ਹਨ | ਉਨ੍ਹਾਂ ਕਿਹਾ ਕਿ ਬਿਨਾਂ ਬਿਮਾਰੀ ਦੇ ਸੰਕੇਤ ਤੋਂ ਫ਼ਸਲ ਨੂੰ ਉੱਲੀਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਦੇ ਸਪਰੇਅ ਕਰਕੇ ਅਸੀਂ ਜਿੱਥੇ ਮਿੱਤਰ ਕੀੜੇ ਖ਼ਤਮ ਕਰ ਲੈਂਦੇ ਹਾਂ, ਉੱਥੇ ਹੀ ਆਪਣਾ ਆਰਥਿਕ, ਧਰਤੀ ਅਤੇ ਵਾਤਾਵਰਨ ਦਾ ਨੁਕਸਾਨ ਵੀ ਕਰ ਲੈਂਦੇ ਹਾਂ |