ਨੰਗਲ ਬਿਹਾਲਾਂ, 14 ਫਰਵਰੀ (ਵਿਨੋਦ ਮਹਾਜਨ)-ਸੀਨੀਅਰ ਸਿਟੀਜ਼ਨ ਲਈ ਰੇਲਵੇ ਦੀਆਂ ਸੁਵਿਧਾਵਾਂ ਕੋਰੋਨਾ ਕਾਲ ਵਿਚ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਵਲੋਂ ਆਮ ਵਰਿਸ਼ਟ ਨਾਗਰਿਕਾਂ ਨੂੰ ਰੇਲ ਸਫਰ ਲਈ ਕਿਰਾਏ ਵਿਚ ਦਿੱਤੀ ਜਾਂਦੀ ਕੁੱਝ ਪ੍ਰਤੀਸ਼ਤ ਛੋਟ ਨੂੰ ਬੰਦ ਕਰ ਦਿੱਤਾ ਸੀ | ਜਿਸ ਨਾਲ ਰੇਲ 'ਚ ਸਫਰ ਕਰਨ ਵਾਲੇ ਸੀਨੀਅਰ ਸਿਟੀਜ਼ਨ ਸਰਕਾਰ ਦੀ ਇਸ ਨੀਤੀ ਤੋਂ ਬਹੁਤ ਪ੍ਰੇਸ਼ਾਨ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਸਜਿੰਦਰ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਮੁਰਾਦਪੁਰ ਅਵਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆਮ ਜਨਤਾ ਕੋਲੋਂ ਤਾਂ ਇਹ ਸੁਵਿਧਾ ਬੜੇ ਸਾਲਾਂ ਤੋਂ ਖੋਹ ਰੱਖੀ ਹੈ ਪਰੰਤੂ ਦੇਸ਼ ਵਿਚ ਜਿੰਨੇ ਵੀ ਐਮ ਐਲ. ਏ, ਐਮ. ਐਲ. ਸੀ ੱਤੇ ਸਾਂਸਦ ਹਨ ਉਨ੍ਹਾਂ ਨੂੰ ਰੇਲ ਕਿਰਾਏ ਵਿਚ ਛੋਟ ਨਿਰਵਿਘਨ ਜਾਰੀ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਵੋਟਾਂ ਨਾਲ ਇਨ੍ਹਾਂ ਅਹੁਦਿਆਂ ਤੇ ਸੇਵਾ ਕਰਨ ਲਈ ਬੈਠੇ ਉਕਤ ਲੀਡਰ ਵੀ ਸੰਵਿਧਾਨ ਅਨੁਸਾਰ ਸਾਡੇ ਵਰਗੇ ਹੀ ਹਨ | ਇਸ ਲਈ ਆਮ ਜਨਤਾ ਅਤੇ ਇਨ੍ਹਾਂ ਵਿਚ ਰੇਲਵੇ ਵਲੋਂ ਭੇਦਭਾਵ ਦੀਆਂ ਨੀਤੀਆਂ ਕਿਉ ਅਪਣਾਈਆਂ ਜਾ ਰਹੀਆਂ ਹਨ | ਉਨ੍ਹਾਂ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਨੂੰ ਕਿਰਾਏ ਵਿਚ ਮਿਲਣ ਵਾਲੀ ਛੋਟ ਨੂੰ ਤੁਰੰਤ ਬਹਾਲ ਕੀਤਾ ਜਾਵੇ ਤਾਂ ਜੋ ਆਮ ਨਾਗਰਿਕ ਇਸ ਦਾ ਫਾਇਦਾ ਲੈ ਸਕਣ |