ਟਾਂਡਾ ਉੜਮੁੜ, 15 ਫਰਵਰੀ (ਕੁਲਬੀਰ ਸਿੰਘ ਗੁਰਾਇਆ)- ਵਿਕਾਸ ਦੇ ਨਾਂ ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਫੋਕੇ ਵਿਕਾਸ ਕਾਰਜਾਂ ਦੀ ਫ਼ੂਕ ਉਸ ਸਮੇਂ ਨਿਕਲਦੀ ਦਿਖਾਈ ਦਿੱਤੀ ਜਦ ਅੱਡਾ ਸਰਾਂ ਤੋਂ ਘੋੜੇਵਾਹਾ, ਨੰਗਲ ਫ਼ਰੀਦ ਤੋਂ ਲੈ ਕੇ ਗਣੀਪੁਰ ਬੱਧਣ ਤੱਕ ਦੀ ਸੜਕ ਦਾ ਹਾਲ ਦੇਖੀਏ ਇਹ ਸੜਕ 2018 ਵਿਚ ਬਣੀ ਸੀ ਪਰ ਬਣਨ ਤੋਂ ਕੁੱਝ ਸਮੇਂ ਬਾਅਦ ਹੀ ਘਟੀਆ ਮੈਟੀਰੀਅਲ ਕਰਕੇ ਇਸ ਸੜਕ ਟੁੱਟਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਇਸ ਸੜਕ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ | ਇਸ ਸਬੰਧੀ ਪਹਿਲਾਂ ਵੀ ਕਈ ਵਾਰ ਅਖ਼ਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਫਿਰ ਵੀ ਪਤਾ ਨਹੀਂ ਕਿਉਂ ਨਾ ਤਾਂ ਸਰਕਾਰ ਤੇ ਨਾ ਹੀ ਸਬੰਧਿਤ ਵਿਭਾਗ ਇਸ ਸੜਕ ਵੱਲ ਧਿਆਨ ਦੇ ਰਹੀਆਂ ਹੈ | ਇਸ ਸੜਕ ਦੀ ਖਸਤਾ ਹਾਲਤ ਕਰਕੇ ਰੋਜ਼ ਰਾਹਗੀਰਾਂ ਨਾਲ ਹਾਦਸੇ ਵਾਪਰ ਰਹੇ ਹਨ | ਇਸ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਕੁੱਝ ਹਿੱਸਿਆਂ ਵਿਚ ਤਾਂ ਸੜਕ ਦਾ ਨਾਮੋ ਨਿਸ਼ਾਨ ਹੀ ਖ਼ਤਮ ਹੋ ਚੁੱਕਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਤਾਂ ਉਨ੍ਹਾਂ ਨੂੰ ਇਸ ਸੜਕ ਸਬੰਧੀ ਆਸ ਬੱਝੀ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਇਹਨਾਂ ਨੇ ਵੀ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ | ਗੰਨੇ ਦੀ ਫ਼ਸਲ ਦਾ ਸੀਜ਼ਨ ਹੋਣ ਕਰਕੇ ਇੱਥੋਂ ਟਰੈਕਟਰ ਟਰਾਲੀਆਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੋਂ ਪੁਰਜ਼ੋਰ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ |