ਨਸਰਾਲਾ, 15 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਅਣਪਛਾਤਿਆਂ ਵੱਲੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੀ ਲੜੀ ਨੂੰ ਲਗਾਤਾਰ ਅੱਗੇ ਤੋਰਦਿਆਂ 5ਵੇਂ ਦਿਨ ਨਸਰਾਲਾ ਦੇ ਨਾਲ ਦਿਓਵਾਲ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਦੀਆਂ ਤਕਰੀਬਨ 16 ਦੇ ਕਰੀਬ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਇਨ੍ਹਾਂ ਦੁਖੀ ਹੋਏ ਕਿਸਾਨਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਬਿਲਕੁਲ ਵਿਸ਼ਵਾਸ ਉੱਠ ਚੁੱਕਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਪੁੱਤਰ ਸੇਵਲ ਸਿੰਘ ਨਸਰਾਲਾ, ਹਰਜੀਤ ਸਿੰਘ ਨਸਰਾਲਾ, ਸੁਖਵਿੰਦਰ ਸਿੰਘ ਨਸਰਾਲਾ, ਹਰਦੀਪ ਸਿੰਘ ਨਸਰਾਲਾ ਆਦਿ ਨੇ ਕਿਹਾ ਕਿ ਉਨ੍ਹਾਂ ਦੀਆਂ ਰਣਜੀਤ ਸਿੰਘ ਨਸਰਾਲਾ, ਫੰੁਮਣ ਸਿੰਘ ਜਲੰਧਰ, ਸੇਵਲ ਸਿੰਘ, ਨਰਿੰਦਰ ਸਿੰਘ, ਅੱਛਰ ਸਿੰਘ ਤੇ ਬੰਤ ਸਿੰਘ ਦੇ ਨਾਂ ਤੇ ਚੱਲਦਿਆਂ 6 ਮੋਟਰਾਂ ਦੀਆਂ ਤਾਰਾਂ ਅੱਜ ਦੀ ਰਾਤ ਨੂੰ ਚੋਰੀ ਕਰ ਲਈਆਂ ਗਈਆਂ ਹਨ | ਇਸੇ ਤਰ੍ਹਾਂ ਹੀ ਕੁਲਵੀਰ ਸਿੰਘ ਢੋਡੋਮਾਜ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦਿਓਵਾਲ ਤੇ ਤਾਰਾਗੜ੍ਹ ਲਾਗੇ ਜ਼ਮੀਨ ਮਾਮਲੇ ਤੇ ਲਈ ਹੋਈ ਹੈ ਜਿਸ ਵਿਚੋਂ 4 ਮੋਟਰਾਂ ਦਿਓਵਾਲ ਅਤੇ 2 ਮੋਟਰਾਂ ਤਾਰਾਗੜ੍ਹ ਵਾਲੀਆਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈ ਹਨ | ਇਸੇ ਤਰ੍ਹਾਂ ਹੀ ਪਿੰਡ ਦਿਓਵਾਲ ਜੋਗਾ ਸਿੰਘ ਦੀ 1 ਮੋਟਰ, ਮੱਖਣ ਸਿੰਘ ਦਿਓਵਾਲ ਦੀਆਂ 2 ਮੋਟਰਾਂ ਤੇ ਸ਼ੰਮਾ ਸਿੰਘ ਦਿਓਵਾਲ ਦੀ 1 ਮੋਟਰ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ | ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਜਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਰੋਣਾ ਰੋ ਚੁੱਕੇ ਹਾਂ ਪਰ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ | ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਰਾਬਤਾ ਕਾਇਮ ਕਰਕੇ ਆਪਣਾ ਦੁੱਖ ਦੱਸਿਆ ਹੈ | ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜੇ ਸਾਡੀ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਤਾਂ ਉਹ ਜਥੇਬੰਦੀਆਂ ਤੇ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਸੰਘਰਸ਼ ਅਰੰਭਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |