ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ) -ਪਿੰਡ ਦਿਆਲਾ ਵਾਸੀ ਤਰਲੋਚਨ ਸਿੰਘ ਪੁੱਤਰ ਗੁਰਬਚਨ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਮੋਟਰਸਾਈਕਲ ਨੰਬਰ ਪੀ.ਬੀ. 32 ਐਕਸ 5625 'ਤੇ ਸਵਾਰ ਹੋ ਕੇ ਆਪਣੀ ਲੜਕੀ ਪਾਸ ਪਿੰਡ ਖੈਰੜ ਅੱਛਰਵਾਲ ਨੂੰ ਜਾ ਰਹੇ ਸੀ | ਇਹ ਜਦੋਂ ਗੜ੍ਹਸ਼ੰਕਰ ਵਿਖੇ ਪੁਲ ਨਹਿਰ ਬੰਗਾ ਰੋਡ 'ਤੇ ਕੋਟ ਫਤੂਹੀ ਸਾਈਡ ਨੂੰ ਮੁੜਨ ਲੱਗੇ ਤਾਂ ਬੰਗਾ ਸਾਈਡ ਤੋਂ ਆ ਰਹੇ ਤੇਜ਼ ਰਫਤਾਰੀ ਮੋਟਰਸਾਈਕਲ ਨੰਬਰ ਪੀ.ਬੀ. 78 ਬੀ 3569 ਵਲੋਂ ਟੱਕਰ ਮਾਰ ਦੇਣ ਨਾਲ ਤਰਲੋਚਨ ਸਿੰਘ ਤੇ ਉਸ ਦੀ ਪਤਨੀ ਸੁਰਿੰਦਰ ਕੌਰ ਸੜਕ 'ਤੇ ਡਿੱਗ ਪਏ | ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਣ 'ਤੇ ਡਾਕਟਰਾਂ ਵਲੋਂ ਤਰਲੋਚਨ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਜਦਕਿ ਸੁਰਿੰਦਰ ਕੌਰ ਨੂੰ ਮੁੱਢਲੇ ਇਲਾਜ ਉਪਰੰਤ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ | ਇਸ ਹਾਦਸੇ ਸੰਬੰਧੀ ਲਖਵੀਰ ਸਿੰਘ ਪੁੱਤਰ ਹਰਮੋਹਿੰਦਰ ਸਿੰਘ ਵਾਸੀ ਸਜਾਵਲਪੁਰ ਥਾਣਾ ਸਦਰ ਬਲਾਚੌਰ ਦੇ ਬਿਆਨਾਂ 'ਤੇ ਗੜ੍ਹਸ਼ੰਕਰ ਪੁਲਿਸ ਨੇ ਮੋਟਰਸਾਈਕਲ ਚਾਲਕ ਹਨੀ ਪੁੱਤਰ ਸੁਭਾਸ਼ ਵਾਸੀ ਵਾਰਡ ਨੰਬਰ 12 ਬੰਗਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |