ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)-ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਅਤੇ ਭਾਰਤ ਸਰਕਾਰ ਦੀ ਕਾਰਵਾਈ ਦੇ ਚੱਲਦਿਆਂ ਅਮਰੀਕਾ 'ਚ ਫਸਿਆ ਗੌਤਮ ਨਈਅਰ ਭਾਰਤ ਵਾਪਸ ਆ ਗਿਆ | ਬੀਤੇ ਦਿਨੀਂ ਗੌਤਮ ਨਈਅਰ ਦੇ ਪਿਤਾ ਸ਼ਿਵ ਚਰਨ ਨੇ ਖੰਨਾ ਦੇ ਖੁੱਲੇ੍ਹ ਦਰਬਾਰ 'ਚ ਮੁਲਾਕਾਤ ਕਰਕੇ ਆਪਣੇ ਬੇਟੇ ਦੇ ਅਮਰੀਕਾ 'ਚ ਫਸੇ ਹੋਣ ਸੰਬੰਧੀ ਜਾਣਕਾਰੀ ਦਿੱਤੀ ਅਤੇ ਬੇਟੇ ਨੂੰ ਵਾਪਸ ਭਾਰਤ ਬੁਲਾਉਣ ਦੀ ਮੰਗ ਕੀਤੀ ਸੀ | ਅਵਿਨਾਸ਼ ਰਾਏ ਖੰਨਾ ਵਲੋਂ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਮਾਮਲੇ ਨੂੰ ਤੁਰੰਤ ਕੇਂਦਰੀ ਵਿਦੇਸ਼ ਮੰਤਰਾਲੇ ਦੇ ਧਿਆਨ 'ਚ ਲਿਆਂਦਾ ਗਿਆ, ਜਿਸਦੇ ਚੱਲਦਿਆਂ ਗੌਤਮ ਨਈਅਰ ਸਕੁਸ਼ਲ ਭਾਰਤ ਆਪਣੇ ਪਿੰਡ ਵਾਪਸ ਆ ਗਿਆ | ਅੱਜ ਗੌਤਮ ਨਈਅਰ ਆਪਣੇ ਪਰਿਵਾਰ ਸਮੇਤ ਅਵਿਨਾਸ਼ ਰਾਏ ਖੰਨਾ ਨੂੰ ਮਿਲਿਆ ਅਤੇ ਉਨ੍ਹਾਂ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਗੌਤਮ ਨਈਅਰ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਆਦਮਪੁਰ ਦੇ ਪਿੰਡ ਕਾਲਰਾ ਦਾ ਵਾਸੀ ਹੈ ਜਿਸ ਨੂੰ ਅਮਰੀਕਾ 'ਚ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ | ਭਾਰਤ ਸਰਕਾਰ ਦੀ ਮਦਦ ਨਾਲ ਉਸ ਨੰੂ ਜੇਲ੍ਹ ਤੋਂ ਛੁਡਾ ਕੇ ਲਿਆਂਦਾ ਗਿਆ ਹੈ | ਇਸ ਮੌਕੇ ਖੰਨਾ ਨੇ ਗੌਤਮ ਨਈਅਰ ਅਤੇ ਉਸਦੇ ਪਰਿਵਾਰ ਨੂੰ ਮਿਠਾਈ ਖਿਲਾ ਕੇ ਗੌਤਮ ਦੀ ਘਰ ਵਾਪਸੀ ਦੀ ਵਧਾਈ ਦਿੱਤੀ |