28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਹੁਸ਼ਿਆਰਪੁਰ ਤੋਂ ਹਿਮਾਚਲ ਹੱਦ ਤੱਕ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ, ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 18-02-2026

ਟੈਕਸ ਦੇਣ ਦੇ ਬਾਵਜੂਦ ਸੜਕਾਂ ਦੀ ਹਾਲਤ ਖਸਤਾ-ਧੀਮਾਨ
ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਹੁਸ਼ਿਆਰਪੁਰ ਤੋਂ ਹਿਮਾਚਲ ਹੱਦ ਤੱਕ ਵਾਇਆ ਚੌਹਾਲ ਨੈਸ਼ਨਲ ਹਾਈਵੇ ਸੜਕ ਦੀ ਹਾਲਤ ਅਤਿ ਖਸਤਾ ਹੋਣ ਅਤੇ ਪੰਜਾਬ ਸਰਕਾਰ ਤੇ ਨੈਸ਼ਨਲ ਹਾਈਵੇਜ ਅਥਾਰਿਟੀ ਆਫ਼ ਇੰਡੀਆ ਦੀਆਂ ਹਵਾ-ਹਵਾਈ ਅਤੇ ਗੱਪਮਾਰ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਮੀਤ ਪ੍ਰਧਾਨ ਸੋਨੰੂ ਮਹਿਤਪੁਰ ਨੇ ਕਿਹਾ ਕਿ ਲਗਪਗ 20 ਕਿੱਲੋਮੀਟਰ ਦੀ ਇਸ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇਹ ਸੜਕ ਇਸ ਸਮੇਂ ਖ਼ੂਨੀ ਸੜਕ ਦਾ ਰੂਪ ਧਾਰਨ ਕਰ ਚੁੱਕੀ ਹੈ | ਇਸ ਸੜਕ ਦਾ ਪੰਜਾਬ ਵਾਲਾ ਹਿੱਸਾ ਪੂਰੀ ਤਰ੍ਹਾਂ ਖਸਤਾ ਹਾਲਤ 'ਚ ਹੈ ਤੇ ਹਿਮਾਚਲ ਵਾਲਾ ਹਿੱਸਾ ਬਹੁਤ ਚੰਗਾ ਹੈ | ਧੀਮਾਨ ਨੇ ਦੱਸਿਆ ਕਿ ਸੜਕਾਂ ਦੀ ਉਸਾਰੀ ਲਈ ਰੋਡ ਇਨਫਰਾਸਟਰਕਚਰ ਸੈੱਸ ਦੇ ਨਾਂਅ 'ਤੇ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ 'ਤੇ ਹਰੇਕ ਖਪਤਕਾਰ ਤੋਂ 5 ਰੁ: ਵਸੂਲੇ ਜਾਂਦੇ ਹਨ ਤੇ ਫਿਰ ਟੋਲ ਟੈਕਸ, ਰੋਡ ਟੈਕਸ ਅਤੇ ਪੰਜਾਬ ਸਰਕਾਰ ਦਾ ਪੈਟਰੋਲ ਤੇ ਡੀਜ਼ਲ 'ਤੇ ਰੋਡ ਸੈੱਸ ਅਤੇ ਵਹੀਕਲਾਂ ਦੇ ਪਾਰਟਸ 'ਤੇ ਵਸੂਲੀ ਜਾ ਰਹੀ ਜੀ.ਐਸ.ਟੀ. ਆਦਿ ਦੇਣ ਦੇ ਬਾਵਜੂਦ ਲੋਕਾਂ ਦੇ ਪੱਲੇ ਟੁੱਟੀਆਂ ਸੜਕਾਂ ਹੀ ਨਸੀਬ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 2-3 ਥਾਵਾਂ 'ਤੇ ਤਾਂ ਮੀਂਹ ਕਾਰਨ ਰੇਤੇ ਨਾਲ ਖੜ੍ਹੀਆਂ ਕੀਤੀਆਂ ਦੀਵਾਰਾਂ ਦੇ ਕਾਰਨ ਸੜਕ ਦਾ ਅੱਧਾ-ਅੱਧਾ ਹਿੱਸਾ ਪਹਾੜੀ 'ਚ ਡਿਗ ਚੁੱਕਾ ਹੈ ਤੇ ਸੜਕ ਆਪਣੇ ਆਪ 'ਚ ਵਿਕਾਸ ਦੀ ਤਸਵੀਰ ਵਿਖਾ ਰਹੀ ਹੈ | ਸੜਕ 'ਤੇ ਨਾ ਤਾਂ ਜ਼ੈਬਰਾ ਚਿੰਨ੍ਹ ਹਨ, ਨਾ ਹੀ ਟ੍ਰੈਫ਼ਿਕ ਚਿੰਨ੍ਹ ਅਤੇ ਨਾ ਹੀ ਵਾਰਡ ਦੇ ਆਲੇ-ਦੁਆਲੇ ਚਿੱਟੀਆਂ ਪੱਟੀਆਂ, ਥਾਂ-ਥਾਂ ਪਏ ਟੋਏ ਵਾਹਨਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ ਅਤੇ ਸੜਕ ਦੇ ਬਰਮ ਵੀ ਅਲੋਪ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ਼ ਟ੍ਰੈਫ਼ਿਕ ਚਿੰਨ੍ਹਾਂ ਦੀ ਥਾਂ ਸ਼ਰਾਬ ਦੇ ਚਿੰਨ੍ਹ ਹੀ ਨਜ਼ਰ ਆ ਰਹੇ ਹਨ ਤੇ ਸਪੀਡ ਲਿਮਟ ਦੇ ਚਿੰਨ੍ਹ ਵੀ ਮਿੱਟੀ 'ਚ ਡਿੱਗੇ ਪਏ ਹਨ | ਸੜਕ ਵਿਚ ਡਿੱਗੀ ਮਿੱਟੀ ਵੀ ਨਹੀਂ ਹਟਾਈ ਜਾਂਦੀ ਅਤੇ ਨਾ ਹੀ ਡਿੱਗੇ ਦਰੱਖਤਾਂ ਨੂੰ ਪੂਰੀ ਤਰ੍ਹਾਂ ਚੁੱਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕਾਂ ਨੂੰ ਖਸਤਾ ਹਾਲਤ 'ਚ ਰੱਖਣਾ ਇਕ ਰਾਸ਼ਟਰੀ ਨੁਕਸਾਨ ਦਰਸਾਉਂਦਾ ਹੈ | ਇਹ ਨੁਕਸਾਨ ਸਰਕਾਰਾਂ ਖ਼ੁਦ ਕਰ ਰਹੀਆਂ ਹਨ ਨਾ ਕਿ ਲੋਕ | ਧੀਮਾਨ ਨੇ ਇਸ ਸੰਬੰਧੀ ਚੀਫ਼ ਸਕੱਤਰ ਪੰਜਾਬ ਸਰਕਾਰ ਅਤੇ ਮਨਿਸਟਰ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ ਆਫ਼ ਇੰਡੀਆ ਨੂੰ ਤੁਰੰਤ ਦਖ਼ਲ ਦੇਣ ਦੀ ਪੱਤਰ ਲਿਖ ਕੇ ਮੰਗ ਕੀਤੀ |

ਪਿਛਲੀ ਖ਼ਬਰ ਖਾਟੂ ਸ਼ਾਮ ਸੇਵਾ ਮੰਡਲ ਬੱਧਨੀ ਕਲਾਂ ਵਲੋਂ ਚੌਥੀ ਨਿਸ਼ਾਨ ਯਾਤਰਾ 22 ਨੂੰ ਅਗਲੀ ਖ਼ਬਰ ਭਲਕੇ ਐੱਨ. ਪੀ. ਐੱਸ. ਪੀੜਤ ਕਰਮਚਾਰੀ ਫੂਕਣਗੇ ਮੁੱਖ ਮੰਤਰੀ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।