ਮੁਕੇਰੀਆਂ, 17 ਫਰਵਰੀ (ਰਾਮਗੜ੍ਹੀਆ) -ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਸਮੇਂ-ਸਮੇਂ 'ਤੇ ਬੱਚਿਆਂ ਅਤੇ ਜਨਤਾ ਨੂੰ ਵਾਤਾਵਰਨ ਸੁਰੱਖਿਆ, ਪਾਣੀ ਸੁਰੱਖਿਆ, ਪ੍ਰਦੂਸ਼ਣ ਨਾਲ ਸਬੰਧਿਤ ਸਮੱਸਿਆਵਾਂ ਅਤੇ ਸਮਾਜਿਕ ਬੁਰਾਈਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਕਰਦਾ ਆ ਰਿਹਾ ਹੈ | ਇਸੀ ਲੜੀ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਅਤੇ ਪਾਣੀ ਸੰਭਾਲ ਲਈ ਇੱਕ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ 'ਚ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਨੁੱਕੜ ਨਾਟਕ ਸ਼ਾਮਿਲ ਸੀ | ਰੈਲੀ ਵਿਚ ਵਾਤਾਵਰਨ ਨੂੰ ਸਾਫ਼ ਰੱਖਣ, ਪਾਣੀ ਸੰਭਾਲ ਨੂੰ ਅਪਣਾਉਣ ਅਤੇ ਪ੍ਰਦੂਸ਼ਣ ਨੂੰ ਘੱਟ ਤੋਂ ਘੱਟ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ, ਜੋ ਮਨੁੱਖੀ ਜੀਵਨ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ | ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਪ੍ਰੇਰਿਤ ਕਰਨਾ ਸੀ | ਇਸ ਤੋਂ ਇਲਾਵਾ ਲੋਕਾਂ ਨੂੰ ਪਾਣੀ ਸੰਭਾਲਣ ਲਈ ਉਤਸ਼ਾਹਿਤ ਕੀਤਾ ਗਿਆ | ਬੱਚਿਆਂ ਨੇ ਲਗਾਤਾਰ ਘੱਟ ਰਹੇ ਜਲ ਸਰੋਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਾਅਰੇ ਲਗਾਏ | ਸਕੂਲ ਦੀ ਪਿ੍ੰਸੀਪਲ ਮੈਡਮ ਮਧੂ ਡੋਗਰਾ ਨੇ ਕਿਹਾ ਕਿ ਇਹ ਨੌਜਵਾਨ ਪੀੜ੍ਹੀ ਦਾ ਫ਼ਰਜ਼ ਹੈ ਕਿ ਉਹ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰੇ ਅਤੇ ਪੰਜਾਬ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਮੁਕਤ ਕਰਨ ਲਈ ਅੱਗੇ ਆਵੇ | ਲੋਕਾਂ ਨੇ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰੈਲੀ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਸੀ ਅਤੇ ਬੱਚਿਆਂ ਦੀ ਸੋਚ ਨੂੰ ਵੀ ਉਤਸ਼ਾਹਿਤ ਕੀਤਾ |