ਟਾਂਡਾ ਉੜਮੁੜ, 18 ਫਰਵਰੀ (ਭਗਵਾਨ ਸਿੰਘ ਸੈਣੀ)-ਰੜਾ ਮੋੜ ਮਿਆਣੀ ਨਜ਼ਦੀਕ ਕਿਸਾਨ ਹੱਟ ਮਾਰਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਵਲੋਂ ਇੱਕ ਮੀਟਿੰਗ ਕਰਵਾਈ ਗਈ | ਇਸ ਦੌਰਾਨ ਪਾਰਟੀ ਹਾਈਕਮਾਨ ਵਲੋਂ ਕੁਲਜੀਤ ਸਿੰਘ ਬਿੱਟੂ ਨੂੰ ਮਿਆਣੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਅਤੇ ਉਨ੍ਹਾਂ ਦੀਆਂ ਸਰਗਰਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਅਤੇ ਰਾਜ ਦੀ ਮੌਜੂਦਾ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ | ਮੀਟਿੰਗ ਦੀ ਅਗਵਾਈ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸਰਕਲ ਪ੍ਰਧਾਨ ਨੇ ਪਾਰਟੀ ਦੀ ਮਜ਼ਬੂਤੀ ਲਈ ਨਿਰੰਤਰ ਮਿਹਨਤ ਕੀਤੀ ਹੈ ਅਤੇ ਵਰਕਰਾਂ ਨੂੰ ਇੱਕਜੁੱਟ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਇਸ ਮੌਕੇ ਉਨ੍ਹਾਂ ਨੂੰ ਪਿੰਡ ਵਾਸੀਆਂ ਅਤੇ ਪਾਰਟੀ ਵਰਕਰਾਂ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਸਰਕਲ ਪ੍ਰਧਾਨ ਕੁਲਜੀਤ ਸਿੰਘ ਬਿੱਟੂ ਨੇ ਰਾਜ ਅੰਦਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ, ਨਸ਼ੇ ਅਤੇ ਲੁੱਟ ਖੋਹ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਿਰ ਕੀਤੀ | ਸਰਕਲ ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਾਰਟੀ ਹਮੇਸ਼ਾ ਲੋਕ ਹਿਤ ਦੇ ਮੁੱਦਿਆਂ ਨੂੰ ਉਭਾਰਦੀ ਰਹੇਗੀ ਅਤੇ ਜਨਤਾ ਦੀ ਆਵਾਜ਼ ਬਣ ਕੇ ਸੰਘਰਸ਼ ਜਾਰੀ ਰੱਖੇਗੀ | ਮੀਟਿੰਗ ਦੇ ਅਖੀਰ ਵਿਚ ਆਉਣ ਵਾਲੀਆਂ ਰਣਨੀਤੀਆਂ ਅਤੇ ਸੰਗਠਨਾਤਮਕ ਮਜ਼ਬੂਤੀ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਉਨ੍ਹਾਂ ਨਾਲ ਗੁਰਬਚਨ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਮੈਂਬਰ ਪੰਚਾਇਤ, ਦਲੇਰ ਸਿੰਘ, ਮਨਜੀਤ ਸਿੰਘ ਸਾਬਕਾ ਮੈਂਬਰ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ ਬਸਤੀ ਬੋਹੜਾ, ਮਲਕੀਤ ਲਾਲ ਸਾਬਕਾ ਸੰਮਤੀ ਮੈਂਬਰ, ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਮੌਜੂਦ ਸਨ |