ਹੁਸ਼ਿਆਰਪੁਰ, 18 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਧਾਰਮਿਕ ਯਾਤਰਾ ਲਈ ਅੰਮਿ੍ਤਸਰ ਲਈ ਰਵਾਨਾ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਸੂਬਾ ਸਕੱਤਰ ਅਤੇ ਦੋਆਬਾ ਜ਼ੋਨ ਇੰਚਾਰਜ ਤਰੁਣ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਬਜ਼ੁਰਗ ਨਾਗਰਿਕਾਂ ਅਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਯੋਗ ਬਣਾਉਂਦੀ ਹੈ, ਬਲਕਿ ਸਮਾਜਿਕ ਸਦਭਾਵਨਾ ਅਤੇ ਅਧਿਆਤਮਿਕ ਬੰਧਨ ਨੂੰ ਵੀ ਮਜ਼ਬੂਤ ਕਰਦੀ ਹੈ | ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਅਤੇ ਆਵਾਜਾਈ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪਹਿਲੇ ਦਿਨ ਦੁਰਗਿਆਣਾ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ | ਦੂਜੇ ਦਿਨ ਉਨ੍ਹਾਂ ਨੂੰ ਪਾਰਟੀਸ਼ਨ ਮਿਊਜ਼ੀਅਮ, ਜੱਲਿਆਂਵਾਲਾ ਬਾਗ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਅਤੇ ਲੰਗਰ ਸੇਵਾ ਮੌਕਾ ਮਿਲੇਗਾ | ਇਸ ਤੋਂ ਇਲਾਵਾ ਵਾਹਗਾ ਬਾਰਡਰ 'ਤੇ ਬੀਟਿੰਗ ਰਿਟਰੀਟ ਸਮਾਰੋਹ ਦਿਖਾਇਆ ਜਾਵੇਗਾ | ਤੀਜੇ ਦਿਨ ਸ਼ਰਧਾਲੂ ਭਗਵਾਨ ਵਾਲਮੀਕਿ ਜੀ ਤੀਰਥ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤਣਗੇ | ਵਿਧਾਇਕ ਨੇ ਕਿਹਾ ਕਿ ਭਵਿੱਖ ਵਿਚ ਵੀ ਇਸ ਯੋਜਨਾ ਤਹਿਤ ਧਾਰਮਿਕ ਯਾਤਰਾਵਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸਾਰੇ ਸ਼ਰਧਾਲੂਆਂ ਲਈ ਨਾਸ਼ਤਾ, ਚਾਹ, ਦੁਪਹਿਰ ਦਾ ਖਾਣਾ, ਹਾਈ ਟੀ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ |