ਨੰਗਲ ਬਿਹਾਲਾਂ ਵਿਖੇ 5 ਰੋਜ਼ਾ ਪਹਿਲਾ ਫੁੱਟਬਾਲ ਟੂਰਨਾਮੈਂਟ ਸ਼ੁਰੂ
ਅਜੀਤ ਡੈਸਕ
28-02-2026
ਨੰਗਲ ਬਿਹਾਲਾਂ, 27 ਫਰਵਰੀ (ਵਿਨੋਦ ਮਹਾਜਨ)-ਨੰਗਲ ਬਿਹਾਲਾਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਪਿੰਡ ਵਾਸੀਆਂ ਅਤੇ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਦੇ ਵਿਸ਼ੇਸ਼ ਸਹਿਯੋਗ ਸਦਕਾ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਪਹਿਲਾ ਪੰਜ ਦਿਨਾਂ ਫੁੱਟਬਾਲ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਸ਼ੁਰੂ ਹੋਇਆ | ਇਸ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਹਲਕਾ ਕੋਆਰਡੀਨੇਟਰ ਤਜਿੰਦਰ ਰਾਣਾ ਅਤੇ ਜ਼ਿਲ੍ਹਾ ਪ੍ਰਭਾਰੀ ਪ੍ਰਦੀਪ ਪ੍ਰਭਾਕਰ ਨੇ ਕੀਤਾ | ਅੱਜ ਇਸ ਟੂਰਨਮੈਂਟ 'ਚ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਅਤੇ ਅਨਿਲ ਠਾਕੁਰ ਮਾਨਸਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਖਿਡਾਰੀਆ ਨੂੰ ਨਕਦ ਰਾਸ਼ੀ ਦਿੰਦਿਆਂ ਆਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਦੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ, ਕਲੱਬ ਦੇ ਚੇਅਰਮੈਨ ਕੰਵਰ ਬਲਵਿੰਦਰ ਸਿੰਘ, ਵਾਈਸ ਚੇਅਰਮੈਨ ਅਸ਼ਵਨੀ ਠਾਕੁਰ, ਫੌਜਾ ਸਿੰਘ, ਧਰਮੇਂਦਰ ਸਿੰਘ, ਗੋਰਾ, ਦੀਪਾ, ਰਾਜੀਵ ਠਾਕੁਰ, ਉਪਦੇਸ਼ ਰਾਣਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਵਿਚ ਸਹਾਈ ਹਨ ਉੱਥੇ ਨਸ਼ਿਆਂ ਤੋਂ ਦੂਰ ਰੱਖਣ ਵਿਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ | ਖੇਡਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਦੇ ਹਨ | ਉਨ੍ਹਾਂ ਨੇ ਇਸ ਟੂਰਨਾਮੈਂਟ ਦੇ ਆਯੋਜਕਾਂ ਨੂੰ ਵਧਾਈ ਦਿੱਤੀ ਤੇ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਵਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ |