ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ 28 ਫ਼ਰਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਰਨਾਲਾ ਵਿਖੇ ਹੋਣ ਵਾਲੀ 'ਮਨਰੇਗਾ ਬਚਾਓ ਸੰਘਰਸ਼ ਮਹਾਂ ਰੈਲੀ' ਵਿਚ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਸ਼ਮੂਲੀਅਤ ਕਰਨਗੇ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਵਲੋਂ ਕੀਤਾ ਗਿਆ | ਸਾਬੀ ਨੇ ਕਿਹਾ ਕਿ ਬਰਨਾਲਾ ਵਿਖੇ ਹੋਣ ਵਾਲੀ 'ਮਨਰੇਗਾ ਬਚਾਓ ਸੰਘਰਸ਼ ਮਹਾਂ ਰੈਲੀ' ਵਿਚ ਮੁਕੇਰੀਆਂ ਹਲਕੇ ਤੋਂ ਰਿਕਾਰਡ ਤੋੜ ਇਕੱਠ ਪਹੁੰਚੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗ਼ਰੀਬ, ਮਜ਼ਦੂਰ ਅਤੇ ਕਿਸਾਨ ਵਰਗ ਦੀ ਹਿਮਾਇਤ ਲਈ ਡਟ ਕੇ ਖੜ੍ਹੀ ਰਹੀ ਹੈ ਅਤੇ ਇਸ ਰੈਲੀ ਰਾਹੀਂ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਮਿਲੇਗੀ | ਸਾਬੀ ਨੇ ਕਿਹਾ ਕਿ ਮਨਰੇਗਾ ਵਰਗੀਆਂ ਸਕੀਮਾਂ ਦੇਸ਼ ਦੇ ਲੱਖਾਂ ਪਰਿਵਾਰਾਂ ਲਈ ਜੀਵਨ ਜਿਊਣ ਦਾ ਸਹਾਰਾ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਲੋਕ ਵਿਰੋਧੀ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ | ਪੰਜਾਬ ਦੀ ਧਰਤੀ ਹਮੇਸ਼ਾ ਸੰਘਰਸ਼ਾਂ ਦੀ ਧਰਤੀ ਰਹੀ ਹੈ ਅਤੇ ਇੱਥੋਂ ਦੀ ਜਨਤਾ ਆਪਣੇ ਹੱਕਾਂ ਲਈ ਇੱਕਜੁੱਟ ਹੋ ਕੇ ਲੜਨਾ ਜਾਣਦੀ ਹੈ | ਉਨ੍ਹਾਂ ਕਿਹਾ ਕਿ ਮੁਕੇਰੀਆਂ ਦੇ ਵਰਕਰਾਂ ਵਿਚ ਜੋਸ਼ ਅਤੇ ਇੱਕਜੁੱਟਤਾ ਦੇਖ ਕੇ ਇਹ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਘਰਸ਼ ਲੜੇਗੀ ਅਤੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰੇਗੀ |