ਦਸੂਹਾ, 28 ਫਰਵਰੀ (ਭੁੱਲਰ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ.ਐਮ.ਐਸ. ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਬੜੇ ਉਤਸ਼ਾਹ ਅਤੇ ਰੁੱਚੀ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਸ਼ਬਨਮ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ 'ਚ ਵਿਗਿਆਨ ਪ੍ਰਤੀ ਰੂਚੀ ਅਤੇ ਨਵੀਨਤਾ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਲਈ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਿਚਕਾਰ ਕਈ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਗਈਆਂ | ਇਨ੍ਹਾਂ ਵਿਚ ਸਾਇੰਸ ਕੁਇਜ਼ ਪ੍ਰਤੀਯੋਗਤਾ, ਸਾਇੰਸ ਪੋਸਟਰ ਮੇਕਿੰਗ ਪ੍ਰਤੀਯੋਗਤਾ, ਸਾਇੰਸ ਪ੍ਰਦਰਸ਼ਨੀ, ਲੈਬਾਰਟਰੀ ਟੈੱਸਟ ਅਤੇ ਸਾਇੰਸ ਪ੍ਰਯੋਗ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ | ਮੈਡੀਕਲ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਾਇੰਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਮਾਡਲਾਂ ਅਤੇ ਪ੍ਰਾਜੈਕਟਾਂ ਨੇ ਖ਼ਾਸ ਧਿਆਨ ਖਿੱਚਿਆ | ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਵਿਸ਼ਿਆਂ ਨਾਲ ਸੰਬੰਧਿਤ ਨਵੇਂ ਵਿਚਾਰ ਅਤੇ ਤਕਨੀਕੀ ਹੱਲ ਪੇਸ਼ ਕੀਤੇ | ਇਸ ਮੌਕੇ 'ਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਅਤੇ ਨਵੀਂ ਸੋਚ ਵੱਲ ਪ੍ਰੇਰਿਤ ਕੀਤਾ | ਅੰਤ ਵਿਚ ਪਿ੍ੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਐੱਚ.ਓ.ਡੀ. ਡਾ. ਰਾਜੇਸ਼ ਕੁਮਾਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਐੱਚ.ਓ.ਡੀ. ਡਾ. ਰਾਜੇਸ਼ ਕੁਮਾਰ, ਜਗਰੂਪ ਕੌਰ, ਡਾ. ਨੀਲਮ, ਨਿਕਿਤਾ ਠਾਕੁਰ, ਮਨਪ੍ਰੀਤ ਕੌਰ, ਮਨਜੀਤ, ਅਮਨਪ੍ਰੀਤ ਕੌਰ, ਨਵਨੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |