ਤਲਵਾੜਾ, 1 ਮਾਰਚ (ਰਾਜੀਵ ਓਸ਼ੋ)- ਐਮ.ਆਰ.ਪੀ.ਡੀ ਸਰਕਾਰੀ ਕਾਲਜ ਤਲਵਾੜਾ 'ਚ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਿਵੇਂ ਕਰੀਏ, ਕਾਲਜ ਕਲਾਸਰੂਮ ਤੋਂ ਲੀਡਰਸ਼ਿਪ ਤੱਕ ਵਿਸ਼ੇ 'ਤੇ ਇਕ ਉਪਯੋਗੀ ਸੈਮੀਨਾਰ ਕਰਵਾਇਆ ਗਿਆ | ਇਹ ਪ੍ਰੋਗਰਾਮ ਪਿ੍ੰਸੀਪਲ ਡਾ. ਰਾਜੀਵ ਖੋਸਲਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਬੋਲਣ ਅਤੇ ਪ੍ਰਗਟਾਉਣ ਦੇ ਹੁਨਰ ਨੂੰ ਬਿਹਤਰ ਬਣਾਉਣਾ ਅਤੇ ਉਨ੍ਹਾਂ ਨੂੰ ਅੱਗੇ ਦੀ ਪੜ੍ਹਾਈ ਅਤੇ ਕਰੀਅਰ ਲਈ ਤਿਆਰ ਕਰਨਾ ਸੀ | ਕਾਲਜ ਮੀਡੀਆ ਮੈਨੇਜਮੈਂਟ ਕਮੇਟੀ ਦੇ ਕਨਵੀਨਰ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਕਾਮਰਸ ਵਿਭਾਗ ਦੀ ਸਹਾਇਕ ਪ੍ਰੋ. ਸਾਕਸ਼ੀ ਜੱਗੀ ਬਤੌਰ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਸਰਲ ਸ਼ਬਦਾਂ ਵਿਚ ਸਮਝਾਇਆ ਕਿ ਚੰਗਾ ਸੰਚਾਰ ਸਿਰਫ਼ ਬੋਲਣ ਬਾਰੇ ਨਹੀਂ ਹੈ, ਸਗੋਂ ਗੱਲ ਨੂੰ ਸਪਸ਼ਟ ਤੌਰ 'ਤੇ ਪ੍ਰਗਟ ਕਰਨ, ਵਿਸ਼ਵਾਸ ਪ੍ਰਗਟ ਕਰਨ ਤੇ ਦੂਜੇ ਵਿਅਕਤੀ ਨੂੰ ਧਿਆਨ ਨਾਲ ਸਮਝਣ ਬਾਰੇ ਵੀ ਹੈ | ਉਨ੍ਹਾਂ ਦੱਸਿਆ ਕਿ ਚੰਗਾ ਸੰਚਾਰ ਅਕਾਦਮਿਕ ਸਫਲਤਾ ਵੱਲ ਲੈ ਜਾਂਦਾ ਹੈ ਤੇ ਭਵਿੱਖ ਦੀ ਲੀਡਰਸ਼ਿਪ 'ਚ ਮਦਦ ਕਰਦਾ ਹੈ | ਪਿ੍ੰਸੀਪਲ ਡਾ. ਰਾਜੀਵ ਖੋਸਲਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜੀਵਨ ਵਿਚ ਤਰੱਕੀ ਲਈ ਸਪਸ਼ਟ ਤੇ ਆਤਮ-ਵਿਸ਼ਵਾਸ ਨਾਲ ਬੋਲਣਾ ਬਹੁਤ ਜ਼ਰੂਰੀ ਹੈ | ਪ੍ਰੋਗਰਾਮ ਦੇ ਅੰਤ ਵਿਚ ਕਾਮਰਸ ਵਿਭਾਗ ਦੀ ਮੁਖੀ ਪ੍ਰੋ. ਨੀਤਿਕਾ ਦੇਵੀ ਦੇ ਧੰਨਵਾਦੀ ਸ਼ਬਦਾਂ ਨਾਲ ਹੋਇਆ |