15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦਸਮੇਸ਼ ਗਰਲਜ਼ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ਸਮਾਗਮ ਕਰਵਾਇਆ

ਅਜੀਤ ਡੈਸਕ 03-03-2026
ਮੁਕੇਰੀਆਂ, 2 ਮਾਰਚ (ਰਾਮਗੜ੍ਹੀਆ)-ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ 'ਤੇ ਵਿਦਿਆਰਥਣਾਂ ਨੂੰ ਅਜੋਕੇ ਸਮੇਂ ਵਿਚ ਮਾਤ-ਭਾਸ਼ਾ ਦੀ ਸਿੱਖਿਆ ਪ੍ਰਾਪਤੀ ਵਿਚ ਮਹੱਤਤਾ ਸਬੰਧੀ ਜਾਣੂ ਕਰਵਾਉਣ ਲਈ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵੱਖ-ਵੱਖ ਭਾਸ਼ਾ ਵਿਭਾਗਾਂ ਵਲੋਂ ਸਮੂਹਿਕ ਤੌਰ 'ਤੇ ਇਕ ਵਿਸ਼ੇਸ਼ ਸਿੱਖਿਆਤਮਕ ਅਤੇ ਸਾਹਿੱਤਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਮੰਚ ਸੰਚਾਲਨ ਪੰਜਾਬੀ ਵਿਭਾਗ ਦੀ ਵਿਦਿਆਰਥਣ ਸਤਿੰਦਰ ਕੌਰ ਵਲੋਂ ਕੀਤਾ ਗਿਆ | ਮੁੱਖ ਵਕਤਾ ਡਾ. ਧਰਮਪਾਲ ਸਾਹਿਲ ਨੇ ਕੰਡੀ ਖੇਤਰ ਦੀ ਸਮਾਜਿਕ, ਭੂਗੋਲਿਕ ਅਤੇ ਸਭਿਆਚਾਰਕ ਪਿਛੋਕੜ ਬਾਰੇ ਰੌਸ਼ਨੀ ਪਾਉਂਦੇ ਹੋਏ ਆਪਣਾ ਰਚਨਾਤਮਿਕ ਅਨੁਭਵ ਸਾਂਝਾ ਕੀਤਾ | ਇਸ ਮੌਕੇ ਡਾ. ਮਨਿੰਦਰਜੀਤ ਕੌਰ ਨੇ 'ਖੋਰਾ' ਨਾਵਲ ਦੇ ਮਨੋਵਿਗਿਆਨਕ ਪੱਖ ਨੂੰ ਉਜਾਗਰ ਕਰਦਿਆਂ ਲੇਖਕ ਦੀ ਰਚਨਾਤਮਿਕ ਪੇਸ਼ਕਾਰੀ ਅਤੇ ਨਾਰੀ ਦੀ ਸਮਾਜਿਕ ਸਥਿਤੀ ਦੇ ਸੰਵੇਦਨਸ਼ੀਲ ਚਿਤਰਨ 'ਤੇ ਚਰਚਾ ਕੀਤੀ | ਡਾ. ਰੀਨਾ ਕੁਮਾਰੀ ਨੇ ਡਾ. ਧਰਮਪਾਲ ਸਾਹਿਲ ਦੀਆਂ ਰਚਨਾਵਾਂ ਵਿਚ ਪ੍ਰਕਿ੍ਤੀ ਚਿਤਰਨ ਬਾਰੇ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦੇ ਅੰਤ 'ਤੇ ਪਿ੍ੰਸੀਪਲ ਡਾ. ਕਰਮਜੀਤ ਕੌਰ ਵੱਲੋਂ ਮੁੱਖ ਮਹਿਮਾਨ ਡਾ. ਧਰਮਪਾਲ ਸਾਹਿਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਡਾ. ਸੋਨੀਆ ਦੇਵੀ (ਮੁਖੀ ਪੰਜਾਬੀ ਵਿਭਾਗ) ਨੇ ਆਏ ਹੋਏ ਵਿਦਵਾਨ ਮਾਹਿਰ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਤੋਂ ਡਾ. ਮਨਿੰਦਰਜੀਤ ਕੌਰ, ਡਾ. ਸੁਖਵਿੰਦਰ ਕੌਰ, ਸਹਾਇਕ ਪ੍ਰੋਫੈਸਰ ਸੋਨੀਆ ਦੇਵੀ, ਹਿੰਦੀ ਵਿਭਾਗ ਦੇ ਮੁਖੀ ਡਾ. ਰੀਨਾ ਕੁਮਾਰੀ, ਸਹਾਇਕ ਪ੍ਰੋਫੈਸਰ ਰੂਪਾਲੀ, ਅੰਗਰੇਜ਼ੀ ਵਿਭਾਗ ਦੇ ਮੁਖੀ ਸੁਪ੍ਰੀਆ ਜੋਤੀ ਨਰਿਆਲ, ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਨੇ ਪ੍ਰੋਗਰਾਮ ਆਯੋਜਕਾਂ ਨੂੰ ਇਸ ਤਰ੍ਹਾਂ ਦੇ ਸਾਹਿੱਤਿਕ ਸਮਾਗਮ ਨਿਰੰਤਰ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਅਤੇ ਵਿਦਿਆਰਥਣਾਂ ਨੂੰ ਮਾਤ-ਭਾਸ਼ਾ ਅਤੇ ਸਾਹਿੱਤ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ |
ਪਿਛਲੀ ਖ਼ਬਰ ਮਾਡਰਨ ਗਰੁੱਪ ਕਾਲਜ ਵਿਖੇ ਤਣਾਅ ਪ੍ਰਬੰਧਨ ਵਿਸ਼ੇ 'ਤੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਪੈਦਲ ਸੰਗ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।