ਹਰਿਆਣਾ, 29 ਅਪ੍ਰੈਲ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਦੇ ਹੋਣਹਾਰ ਨੌਜਵਾਨ ਰਜਤ ਭੱਲਾ ਪੁੱਤਰ ਅਸ਼ਵਨੀ ਭੱਲਾ ਮਾਤਾ ਅਨੁਰਾਧਾ ਭੱਲਾ, ਜਿਸ ਨੇ ਕੈਨੇਡਾ ਦੀ ਆਰਮੀ ਵਿਚ ਅਫ਼ਸਰ ਦਾ ਅਹੁਦਾ ਹਾਸਲ ਕਰ ਆਪਣੇ ਮਾਤਾ-ਪਿਤਾ, ਪਰਿਵਾਰ, ਇਲਾਕੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਰਜਤ ਭੱਲਾ ਦੀ ਇਸ ਵੱਡੀ ਉਪਲਬਧੀ ਬਾਰੇ ਜਿਵੇਂ ਹੀ ਪਰਿਵਾਰ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਤਾਂ ਭੱਲਾ ਪਰਿਵਾਰ ਅਤੇ ਇਲਾਕੇ ਭਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਹ ਮਾਣ ਦਾ ਪਲ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਕਸਬਾ ਹਰਿਆਣਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਲਈ ਵੀ ਸਨਮਾਨ ਦੀ ਗੱਲ ਬਣ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਜਤ ਭੱਲਾ ਦੇ ਪਿਤਾ ਅਸ਼ਵਨੀ ਭੱਲਾ, ਮਾਤਾ ਅਨੁਰਾਧਾ ਭੱਲਾ, ਦਾਦੀ ਕਮਲੇਸ਼ ਭੱਲਾ, ਤਾਇਆ ਸੁਰੇਸ਼ ਭੱਲਾ ਉਰਫ਼ ਲਾਡੀ ਅਤੇ ਤਾਈ ਨੇਹਾ ਭੱਲਾ ਨੇ ਇਸ ਖ਼ੁਸ਼ੀ ਦੇ ਪਲ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਇਹ ਕਾਮਯਾਬੀ ਪੂਰੇ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨਾਂ ਦੱਸਿਆ ਕਿ ਰਜਤ ਭੱਲਾ ਨੇ ਸਾਲ 2016 ਵਿਚ ਵੁਡਲੈਂਡ ਸਕੂਲ ਤੋਂ ਬਾਰ੍ਹਵੀਂ ਕਲਾਸ ਫ਼ਸਟ ਡਿਵੀਜ਼ਨ 'ਚ ਪਾਸ ਕਰਨ ਉਪਰੰਤ ਵਿਦੇਸ਼ ਜਾਣ ਦੀ ਲਾਲਸਾ ਨੂੰ ਲੈ ਕੇ ਆਈਲੈਟਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਸਤੰਬਰ 2016 ਵਿਚ ਬ੍ਰੈਂਪਟਨ (ਕੈਨੇਡਾ) ਵਿਚ ਉੱਚ ਸਿੱਖਿਆ ਲਈ ਗਿਆ | ਇਸ ਉਪਰੰਤ ਆਰਮੀ ਵਿਚ ਉੱਚ ਅਹੁਦਾ ਪ੍ਰਾਪਤ ਕਰਨ ਲਈ ਪ੍ਰੀਖਿਆ ਦਿੱਤੀ, ਜਿਸ ਨੂੰ ਉਸ ਨੇ ਸਫਲਤਾਪੂਰਵਕ ਪਾਸ ਕਰ ਆਪਣਾ ਸੁਪਨਾ ਸਾਕਾਰ ਕੀਤਾ | ਇਸ ਤੋਂ ਇਲਾਵਾ ਉਸ ਨੇ ਬਿਜ਼ਨਸ ਐਂਡ ਮੈਨੇਜਮੈਂਟ ਦੀ ਪੜ੍ਹਾਈ ਉਪਰੰਤ ਰਜਤ ਨੇ ਲਾ (ਕਾਨੂੰਨ) ਦੀ ਡਿਗਰੀ ਵੀ ਪ੍ਰਾਪਤ ਕੀਤੀ |