ਚੱਬੇਵਾਲ,29 ਅਪ੍ਰੈਲ (ਰਾਜੀਵ ਭਾਰਦਵਾਜ)-ਪਿੰਡ ਜਾਂਗਣੀਵਾਲ ਤੋਂ ਬਲੀਮਾ ਨੂੰ ਬਣ ਰਹੀ ਸੜਕ ਕੇ ਵਿਚਕਾਰ ਖੜ੍ਹਾ ਖੰਭਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਨਾ ਤਾਂ ਸੜਕ ਬਣਾਉਣ ਵਾਲੇ ਵਿਭਾਗ ਅਤੇ ਨਾ ਹੀ ਪਾਵਰ ਕਾਮ ਨੂੰ ਇਸ ਦੀ ਕੋਈ ਚਿੰਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕੀਤਾ | ਉਨ੍ਹਾਂ ਆਮ ਆਦਮੀ ਪਾਰਟੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਦੇ 4 ਸਾਲਾਂ ਦੇ ਰਾਜ ਵਿਚ ਇਹ ਵੀ ਤਹਿ ਨਹੀਂ ਕਰ ਸਕੀ ਕਿ ਸੜਕ ਦੇ ਕਿਨਾਰੇ ਤੋਂ ਬਿਜਲੀ ਸਪਲਾਈ ਦੇ ਖੰਭੇ ਕਿੰਨੀ ਦੂਰੀ ਉੱਤੇ ਖੜੇ ਕਰਨੇ ਚਾਹੀਦੇ ਹਨ ਤਾਂ ਕਿ ਸੜਕ ਉੱਤੇ ਵਹੀਕਲ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਸਕਣ | ਇਹ ਫ਼ਰਜ਼ ਰੋਡ ਸੈਂਟੀ ਕੌਂਸਲ ਪੰਜਾਬ ਦਾ ਵੀ ਬਣਦਾ ਹੈ ਤੇ ਨਾਲ ਟ੍ਰੈਫਿਕ ਵਿਭਾਗ ਦੀ ਵੀ ਜ਼ੰੁਮੇਵਾਰੀ ਹੈ ਕਿ ਅਜਿਹੀਆਂ ਰੁਕਾਵਟਾਂ ਹਰ ਹਾਲਤ ਵਿਚ ਸੜਕਾਂ ਤੋਂ ਖ਼ਤਮ ਹੋਣੀਆਂ ਚਾਹੀਦੀਆਂ ਹਨ | ਸਵਾਲ ਇਕ ਸੜਕ ਦਾ ਨਹੀਂ ਅਸਲ ਵਿਚ ਅਜਿਹੀ ਪਾਲਿਸੀ ਨਾ ਹੋਣ ਕਰਕੇ ਅਜਿਹੀਆਂ ਰੁਕਾਵਟਾਂ ਅਨੇਕਾਂ ਥਾਵਾਂ ਉੱਤੇ ਖੜੀਆਂ ਹੋ ਜਾਂਦੀਆਂ ਹਨ | ਧੀਮਾਨ ਨੇ ਦੱਸਿਆ ਕਿ ਇਸ ਮੁਸ਼ਕਲ ਨੂੰ ਲੈ ਕੇ ਐਕਸੀਅਨ ਪਾਵਰ ਕਾਮ ਮਾਹਿਲਪੁਰ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਹੈ ਤਾਂ ਕਿ ਖੰਭਾ ਸੜਕ 'ਚੋਂ ਹੱਟ ਸਕੇ ਅਗਰ 1 ਹਫ਼ਤੇ ਤੱਕ ਨਾ ਹਟਿਆ ਤਾਂ ਫਿਰ ਸਟੇਟ ਰੈਗੂਲੇਟਰੀ ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ |