ਗੜ੍ਹਸ਼ੰਕਰ, 29 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਜੇ. ਈ. ਮਾਈਨਿੰਗ ਵਿਭਾਗ ਲਵਪ੍ਰੀਤ ਸਿੰਘ ਦੀ ਦਰਖਾਸਤ 'ਤੇ ਸ਼ਿਵਾਲਿਕ ਐਗਰੀਗੇਟ ਸਟੋਨ ਕਰੈਸ਼ਰ ਕੁਨੈਲ ਦੇ ਮਾਲਕ, ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਐੱਸ. ਆਈ. ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ/ਚੈਕਿੰਗ ਦੇ ਸਬੰਧ ਵਿਚ ਪਿੰਡ ਕੁਨੈਲ ਪਹੁੰਚੇ ਤਾਂ ਜਦੋਂ ਪੁਲਿਸ ਪਾਰਟੀ ਸ਼ਿਵਾਲਿਕ ਐਗਰੀਗੇਟ ਸਟੋਨ ਕਰੈਸ਼ਰ ਪਿੰਡ ਕੁਨੈਲ ਨੇੜੇ ਪੁੱਜੀ ਤਾਂ ਮੌਕੇ 'ਤੇ ਕਰੈਸ਼ਰ ਚੱਲ ਰਿਹਾ ਸੀ | ਪੁਲਿਸ ਪਾਰਟੀ ਨੂੰ ਦੂਰੋਂ ਆਉਂਦੇ ਦੇਖ ਕੇ ਮੌਜੂਦ ਵਿਅਕਤੀਆਂ ਨੇ ਕਰੈਸ਼ਰ ਬੰਦ ਕਰ ਦਿੱਤਾ ਅਤੇ ਪੁਲਿਸ ਪਾਰਟੀ ਦੇ ਕਰੈਸ਼ਰ 'ਤੇ ਪਹੁੰਚਣ ਤੋਂ ਪਹਿਲਾ ਫ਼ਰਾਰ ਹੋ ਗਏ | ਮੌਕਾ ਮੁਲਾਹਜ਼ਾ ਕਰਨ 'ਤੇ ਇਕ ਟਿੱਪਰ ਉੱਪਰ ਜਨਰੇਟਰ ਅਤੇ ਇਕ ਪੋਕਲੇਨ ਉਕਤ ਕਰੈਸ਼ਰ ਦੇ ਨੇੜੇ ਖੜ੍ਹੇ ਮਿਲੇ ਅਤੇ ਕਰੈਸ਼ਰ ਦੇ ਨੇੜੇ ਕੁੱਝ ਮਾਤਰਾ ਵਿਚ ਕੱਚਾ ਮਾਲ ਅਤੇ ਡਿਸਚਾਰਜ ਦੇ ਸਾਹਮਣੇ ਕੁੱਝ ਮਾਤਰਾ ਵਿਚ ਪ੍ਰੋਸੈਸਡ ਮੈਟੀਰੀਅਲ ਮਿਲਿਆ | ਜਿਸ 'ਤੇ ਕੋਈ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਹੋਣ ਦਾ ਸ਼ੱਕ ਹੋਣ 'ਤੇ ਮੌਕਾ 'ਤੇ ਬਜ਼ਰੀਆ ਕਾਲ ਲਵਪ੍ਰੀਤ ਸਿੰਘ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਜਲ ਨਿਕਾਸ ਕਮ ਮਾਈਨਿੰਗ ਉਪ ਮੰਡਲ ਗੜ੍ਹਸ਼ੰਕਰ ਨੂੰ ਬੁਲਾਇਆ ਗਿਆ | ਜੇ. ਈ. ਲਵਪ੍ਰੀਤ ਸਿੰਘ ਮੌਕੇ ਪੁਰ ਹਾਜ਼ਰ ਹੋਏ ਤੇ ਉਨ੍ਹਾਂ ਵਲੋਂ ਦਿੱਤੀ ਦਰਖਾਸਤ 'ਤੇ ਸ਼ਿਵਾਲਿਕ ਐਗਰੀਗੇਟ ਸਟੋਨ ਕਰੈਸ਼ਰ ਕੁਨੈਲ ਦੇ ਮਾਲਕ ਸਮੇਤ ਚਾਲਕ ਵਲੋਂ ਕਰੈਸ਼ਰ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਚੋਰੀ ਛਿਪੇ ਕਰੈਸ਼ਰ ਚਲਾਉਣ ਕਰਕੇ ਮੁਕੱਦਮਾ ਦਰਜ਼ ਕੀਤਾ ਗਿਆ |