ਤਲਵਾੜਾ, 30 ਅਪ੍ਰੈਲ (ਮਨੀਸ਼ਾ ਮਹਿਤਾ)-ਕਮਾਹੀ ਦੇਵੀ ਰੇੜੂ ਪੱਤੀ ਰੋੜ 'ਤੇ ਪੈਂਦੇ ਪਿੰਡ ਬਹਿ ਚੂਹੜ ਵਿਖੇ ਪਿਛਲੇ ਦਿਨੀਂ ਚੋਰਾਂ ਵਲੋਂ ਬਿਜਲੀ ਦੇ ਟਰਾਂਸਫ਼ਾਰਮਰ ਦਾ ਅੰਦਰਲਾ ਸਾਮਾਨ ਤੇ ਤੇਲ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਵਿਭਾਗ ਦੇ ਜੂਨੀਅਰ ਇੰਜੀਨੀਅਰ ਕਮਲ ਕਿਸ਼ੋਰ ਨੇ ਦੱਸਿਆ ਕਿ ਚੋਰਾਂ ਨੇ ਪਿੰਡ ਬਹਿ ਚੂਹੜ ਵਿਖੇ 10 ਕੇ. ਵੀ. ਏ. ਟਰਾਂਸਫ਼ਾਰਮਰ ਨੂੰ ਹੇਠਾਂ ਉਤਾਰ ਕੇ ਉਸ ਨੂੰ ਖੋਲ੍ਹਣ ਉਪਰੰਤ ਅੰਦਰਲਾ ਕੀਮਤੀ ਸਮਾਨ ਤੇ ਤੇਲ ਚੋਰੀ ਕਰ ਲਿਆ ਗਿਆ | ਇਸ ਨੁਕਸਾਨ ਦੀ ਕੀਮਤ ਲਗਪਗ 50 ਹਜ਼ਾਰ ਰੁਪਏ ਬਣਦੀ ਹੈ | ਉਨ੍ਹਾਂ ਦੱਸਿਆ ਕਿ ਚੋਰ ਇੰਨੇ ਹੁਸ਼ਿਆਰ ਸਨ ਕਿ ਉਨ੍ਹਾਂ ਨੇ ਟਰਾਂਸਫ਼ਾਰਮਰ ਨੂੰ ਖੰਭਿਆਂ ਤੋਂ ਹੇਠਾਂ ਉਤਾਰ ਕੇ ਤੇਲ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਖ਼ਾਲੀ ਟਰਾਂਸਫ਼ਾਰਮਰ ਸੈੱਲ ਸੁੱਟ ਦਿੱਤਾ | ਉਨ੍ਹਾਂ ਨੂੰ ਸਵੇਰੇ ਬਿਜਲੀ ਬੰਦ ਹੋਣ ਤੇ ਪੱਤਾ ਲੱਗਾ | ਇਸ ਘਟਨਾ ਦੀ ਸੂਚਨਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਤਲਵਾੜਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ |