ਹਰਿਆਣਾ, 30 ਅਪ੍ਰੈਲ (ਹਰਮੇਲ ਸਿੰਘ ਖੱਖ)-ਪਿਛਲੇ ਕਈ ਦਿਨਾਂ ਤੋਂ ਵਾਰਡ ਨੰਬਰ-9 ਤੇ 10 ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਰਹਿਣ ਕਰਕੇ ਲੋਕਾਂ ਨੂੰ ਭਾਰੀ ਸਮੱਸਿਆ ਹੋ ਰਹੀ ਹੈ, ਪਰ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਕੌਂਸਲਰ ਗੁਰਦੇਵ ਕੌਰ ਦੀ ਅਗਵਾਈ ਹੇਠ ਨਗਰ ਕੌਂਸਲ ਹਰਿਆਣਾ ਦੇ ਖ਼ਿਲਾਫ਼ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਕੌਂਸਲਰ ਗੁਰਦੇਵ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਵਲੋਂ ਵਾਰਡ ਨੰਬਰ 9 ਤੇ 10 ਅੰਦਰ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਪੀਣ ਵਾਲੇ ਪਾਣੀ ਦੀ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ | ਧਰਨੇ ਦੀ ਜਾਣਕਾਰੀ ਮਿਲਣ 'ਤੇ ਇੰਸ: ਕਿਰਨ ਸਿੰਘ ਐੱਸ. ਐੱਚ. ਓ. ਥਾਣਾ ਹਰਿਆਣਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ | ਇਸ ਮੌਕੇ ਇਕਬਾਲ ਸਿੰਘ ਸਾਬਕਾ ਪ੍ਰਧਾਨ, ਕੁਲਦੀਪ ਕੁਮਾਰ, ਬਾਬਾ ਸਾਹਿਬ, ਜਸਪਾਲ ਸਿੰਘ, ਅਮਨਦੀਪ ਕੌਰ ਬਲਵਿੰਦਰ ਸਿੰਘ, ਬਲਵੀਰ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਲਖਮੀ ਦੇਵੀ, ਸੁਨੀਤਾ ਦੇਵੀ, ਬਲਜਿੰਦਰ ਕੌਰ, ਸੋਨੰੂ, ਦਲੀਪ ਕੁਮਾਰ, ਰਾਮ ਜੀ, ਸੁਖਵਿੰਦਰ ਸਿੰਘ, ਲਾਡੀ, ਵਿਨੋਦ ਕੁਮਾਰ, ਲਖਬੀਰ ਸਿੰਘ, ਰਮਨ ਕੁਮਾਰ, ਗੁਲਸ਼ਨ ਰਾਮ ਤੇ ਰਾਜਾ ਆਦਿ ਹਾਜ਼ਰ ਸਨ |