ਮੁਕੇਰੀਆਂ, 30 ਅਪ੍ਰੈਲ (ਰਾਮਗੜ੍ਹੀਆ)-ਮੁਕੇਰੀਆਂ ਹਲਕੇ ਦੇ ਪਿੰਡ ਫ਼ਿਰੋਜ਼ਪੁਰ ਵਿਚ ਆਯੂਸ਼ਮਾਨ ਅਰੋਗਿਆ ਸੈਂਟਰ ਦਾ ਉਦਘਾਟਨ ਪ੍ਰੋ. ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਮੁਲਤਾਨੀ ਨੇ ਕਿਹਾ ਕਿ 35 ਲੱਖ ਰੁਪਏ ਦੀ ਲਾਗਤ ਨਾਲ ਡਾਕਟਰ ਰੂਮ ਬਣਾਇਆ ਗਿਆ ਹੈ ਜਿੱਥੇ ਡਾਕਟਰੀ ਸਹੂਲਤਾਵਾਂ ਅਤੇ ਮਰੀਜ਼ਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਸਾਰਾ ਕੰਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਆਯੂਸ਼ਮਾਨ ਕੇਂਦਰ ਫ਼ਿਰੋਜਪੁਰ ਦਾ ਲਾਭ ਇਲਾਕੇ ਦੇ ਸਾਰੇ ਪਿੰਡਾਂ ਨੂੰ ਹੋਵੇਗਾ | ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਵਧੀਆ ਤੇ ਸਸਤੀਆਂ ਮੈਡੀਕਲ ਸੇਵਾਵਾਂ ਦੇ ਸਕੇ ਤਾਂ ਜੋ ਕੋਈ ਵੀ ਗ਼ਰੀਬ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ | ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਪਿੰਡਾਂ ਵਿਚ ਅਜਿਹੇ ਕੇਂਦਰ ਖੋਲੇ ਜਾਣਗੇ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਹਰਜੀਤ ਸਿੰਘ ਸਹੋਤਾ ਮਾਰਕੀਟ ਕਮੇਟੀ, ਡਾ. ਨੀਲਮ ਐੱਸ. ਐੱਮ. ਓ. ਬੁੱਢਾਬੜ, ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਬੈਨੀ ਰਾਣਾ ਬਲਾਕ ਸੰਮਤੀ ਮੈਂਬਰ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਸਰਪੰਚ ਅਸ਼ੋਕ ਤੇ ਹੋਰ 'ਆਪ' ਵਰਕਰ ਹਾਜ਼ਰ ਸਨ |