ਹੁਸ਼ਿਆਰਪੁਰ, 10 ਮਈ (ਨਰਿੰਦਰ ਸਿੰਘ ਬੱਡਲਾ)-2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਚੱਲਦਿਆਂ ਸਾਰੀਆਂ ਰਾਜਸੀ ਪਾਰਟੀਆਂ 'ਚ ਹਲਚਲ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਾਰੀਆਂ ਪਾਰਟੀਆਂ ਹੀ ਚੋਣਾਂ ਜਿੱਤਣ ਲਈ ਸਰਗਰਮ ਹੋ ਰਹੀਆਂ ਹਨ | ਇਸ ਸੰਬੰਧ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਸਾਰੇ 117 ਹਲਕਿਆਂ ਦੀ ਨੁਮਾਇੰਦਗੀ ਕਰ ਰਹੇ ਕਾਂਗਰਸੀ ਆਗੂਆਂ ਦੀ ਮੀਟਿੰਗ ਮੁੱਖ ਦਫ਼ਤਰ ਵਿਖੇ ਬੁਲਾਈ ਗਈ | ਜਿਸ 'ਚ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ, ਸਹਿ ਇੰਚਾਰਜ ਰਵਿੰਦਰ ਦਲਮੀ ਤੇ ਸੂਰਜ ਸਿੰਘ ਠਾਕੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਵਿਚਾਰ ਵਟਾਂਦਰਾ ਕੀਤਾ | ਇਸ ਸੰਬੰਧੀ ਹਲਕਾ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਨੇ ਦੱਸਿਆ ਕਿ ਮੀਟਿੰਗ 'ਚ ਹੁਸ਼ਿਆਰਪੁਰ ਜ਼ਿਲੇ੍ਹ ਦੇ ਸਾਰੇ ਹਲਕਿਆਂ ਤੋਂ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਚਾਰ ਵਟਾਂਦਰਾ ਕੀਤਾ ਕਿ ਚੋਣਾਂ ਇਕਜੁੱਟ ਹੋ ਕੇ ਲੜੀਆਂ ਜਾਣ ਅਤੇ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਸਾਬਕਾ ਵਿਧਾਇਕ ਅਰੁਣ ਡੋਗਰਾ ਮਿੱਕੀ, ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਜ਼ਿਲ੍ਹਾ ਪ੍ਰਧਾਨ ਐਡ. ਦਲਜੀਤ ਸਿੰਘ ਗਿਲਜੀਆਂ, ਐਡ. ਰੋਹਿਤ ਜੋਸ਼ੀ, ਸਾਬਕਾ ਵਿਧਾਇਕ ਇੰਦੂ ਬਾਲਾ, ਸਰਬਜੋਤ ਸਿੰਘ ਸਾਬੀ ਆਦਿ ਵੀ ਹਾਜ਼ਰ ਸਨ |