ਤਲਵਾੜਾ, 10 ਮਈ (ਮਨੀਸ਼ਾ ਮਹਿਤਾ)-ਕਮਾਹੀ ਦੇਵੀ ਖੇਤਰ ਦੇ ਅਧੀਨ ਕੰਢੀ ਸ਼ਿਵਾਲਿਕ ਇਲਾਕੇ ਦੇ ਕਸਬਾ ਸੰਸਾਰਪੁਰ ਮੱਕੋਵਾਲ ਵਿਖੇ ਇਲਾਕੇ ਦੀਆਂ ਸਿਹਤ ਸਹੂਲਤਾਂ ਨੂੰ ਦੇਖਦਿਆਂ 50 ਬਿਸਤਰਿਆਂ ਦਾ ਹਸਪਤਾਲ ਖੋਲਿ੍ਹਆ ਜਾਵੇ | ਇਸ ਸੰਬੰਧੀ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਸ. ਤਿਰਲੋਕ ਸਿੰਘ ਸਾਹੀ ਸੇਵਾਮੁਕਤ ਇੰਸਪੈਕਟਰ ਨੇ ਕਿਹਾ ਕਿ ਕੰਢੀ ਸ਼ਿਵਾਲਿਕ ਇਲਾਕੇ 'ਚ ਕਿਸੇ ਵੀ ਸਰਕਾਰ ਨੇ ਇਸ ਇਲਾਕੇ ਦਾ ਕੋਈ ਵਿਕਾਸ ਨਹੀਂ ਕੀਤਾ ਜਦਕਿ ਕੰਢੀ ਸ਼ਿਵਾਲਿਕ ਇਲਾਕੇ 'ਚ ਵਿਸ਼ੇਸ਼ ਤੌਰ 'ਤੇ ਰਾਤ ਸਮੇਂ ਗਰਭਵਤੀ ਮਹਿਲਾਵਾਂ ਬੱਚਿਆਂ ਨੂੰ ਹਸਪਤਾਲ 'ਚ ਲਿਜਾਣਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਸੰਸਾਰਪੁਰ ਮੱਕੋਵਾਲ ਵਿਖੇ ਕੋਈ ਐਮਰਜੈਂਸੀ ਡਾਕਟਰ ਹੈ ਅਤੇ ਨਾ ਹੀ ਕੋਈ ਐਂਬੂਲੈਂਸ ਹੈ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਹੈ ਕਿ ਇਸ ਸਥਾਨ 'ਤੇ ਬਿਨਾ ਕਿਸੇ ਦੇਰੀ 50 ਬਿਸਤਰਿਆਂ ਦਾ ਸਰਕਾਰੀ ਹਸਪਤਾਲ ਖੋਲਿ੍ਹਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ 'ਚ ਸਰਕਾਰੀ ਬੱਸਾਂ ਦੇ ਰੂਟ ਚਲਾਏ ਜਾਣ ਤਾਂ ਕਿ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਲੁੱਟ ਤੋਂ ਬਚਿਆਂ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਬੱਸਾਂ ਚੱਲਣਗੀਆਂ ਤਾਂ ਵਿਸ਼ੇਸ਼ ਤੌਰ 'ਤੇ ਵਿਦਿਆਰਥੀ ਸਕੂਲਾਂ ਤੇ ਕਾਲਜਾਂ 'ਚ ਪੜ੍ਹਾਈ ਕਰਨ ਲਈ ਜਾ ਸਕਣਗੇ |