ਬੀਣੇਵਾਲ, 11 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ 'ਚ ਬਣ ਰਹੀ ਪੰਚਾਇਤ ਘਰ ਦੀ ਇਮਾਰਤ ਦੋ ਸਾਲ ਤੋਂ ਅਧੂਰੀ ਪਈ ਹੋਣ ਕਾਰਨ ਇਹ ਅਧੂਰੀ ਇਮਾਰਤ ਨਸ਼ੇੜੀਆਂ ਤੇ ਬੇਸਹਾਰਾ ਪਸ਼ੂਆਂ ਦਾ ਅੱਡਾ ਬਣ ਕੇ ਰਹਿ ਗਈ ਹੈ | ਸਾਬਕਾ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਪੰਚਾਇਤ ਘਰ ਦੀ ਇਮਾਰਤ ਲਈ 20 ਲੱਖ ਰੁਪਏ ਆਏ ਸਨ, ਜਿਸ ਦਾ ਕੁਝ ਕੰਮ ਪੰਚਾਇਤ ਨੇ ਕਰਵਾਇਆ ਸੀ ਤੇ ਬਾਕੀ ਕੰਮ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਜੇ. ਈ. ਵਲੋਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਕਰੀਬ 12 ਲੱਖ ਰੁਪਏ ਪੰਚਾਇਤ ਨੇ ਖ਼ਰਚੇ ਜਦ ਕਿ ਬਾਕੀ 8 ਲੱਖ ਰੁਪਏ ਪ੍ਰਬੰਧਕ ਵਲੋਂ ਖ਼ਰਚੇ ਗਏ ਹੁਣ ਕਰੀਬ ਦੋ ਸਾਲ ਤੋਂ ਗਰਾਂਟ ਨਾ ਆਉਣ ਕਰਕੇ ਕੰਮ ਬੰਦ ਪਿਆ ਹੈ | ਇਸ ਸੰਬੰਧੀ ਸੰਪਰਕ ਕਰਨ 'ਤੇ ਬੀ. ਡੀ. ਪੀ. ਓ. ਮਨਜਿੰਦਰ ਕੌਰ ਨੇ ਦੱਸਿਆ ਕਿ ਇਸ ਪੰਚਾਇਤ ਘਰ ਦੀ ਇਮਾਰਤ ਦੀ ਕੁਲ 40 ਲੱਖ ਰੁਪਏ ਦਾ ਪ੍ਰਾਜੈਕਟ ਹੈ, ਜਿਸ ਦੀ ਗਰਾਂਟ ਵੀਹ ਲੱਖ ਰੁਪਏ ਆ ਗਏ ਸਨ ਜਦ ਕਿ ਬਾਕੀ ਰਕਮ ਵੀਹ ਲੱਖ ਰੁਪਏ ਦੀ ਗਰਾਂਟ ਨਾ ਆਉਣ ਕਰਕੇ ਇਮਾਰਤ ਪੂਰੀ ਨਹੀਂ ਹੋ ਸਕੀ | ਪਿੰਡ ਦੇ ਕੁੱਝ ਲੋਕਾਂ ਨੇ ਮੌਕੇ 'ਤੇ ਦੱਸਿਆ ਕਿ ਇਸ ਥਾਂ 'ਤੇ ਪਹਿਲਾ ਵੀ ਇਕ ਪੰਚਾਇਤ ਘਰ ਸਾਲ 2002 ਵਿਚ ਬਣਿਆ ਸੀ | ਜੋ ਇਕ ਇਮਾਰਤ ਪੰਚਾਇਤ ਵਲੋਂ ਢਾਹ ਦਿੱਤੀ ਗਈ ਪਰ ਇਸ ਇਮਾਰਤ ਨੂੰ ਢਾਹੁਣ ਹੰਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ | ਉਸਾਰੀ ਅਧੀਨ ਪੰਚਾਇਤ ਘਰ ਦੇ ਸਾਰੇ ਕਮਰਿਆਂ 'ਚ ਬੇਸਹਾਰਾ ਪਸ਼ੂਆਂ ਦਾ ਗੋਹਾ ਖਿਲਰਿਆ ਪਿਆ ਸੀ ਜਦ ਕਿ ਇਕ ਕਮਰੇ ਦੇ ਕੋਨੇ 'ਚ ਕੁੱਝ ਸਰਿੰਜਾਂ ਖਿਲਰੀਆਂ ਪਈਆਂ ਸਨ, ਜਿਨ੍ਹਾਂ ਤੋਂ ਲੱਗਦਾ ਸੀ ਕਿ ਇਸ ਇਮਾਰਤ ਵਿਚ ਵੇਲੇ ਕੁਵੇਲੇ ਨਸ਼ੇੜੀ ਨਸ਼ਾ ਕਰਦੇ ਹੋਣਗੇ | ਲੋਕਾਂ ਦੀ ਮੰਗ ਹੈ ਕਿ ਇਸ ਪੰਚਾਇਤ ਘਰ ਦੀ ਅਧੂਰੀ ਇਮਾਰਤ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਪੰਚਾਇਤ ਦੀਆਂ ਮੀਟਿੰਗਾਂ ਲਈ ਤਿਆਰ ਹੋ ਜਾਵੇ |