ਭੰਗਾਲਾ, 15 ਮਈ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਤਾਬਪੁਰ ਵਿਖੇ ਇਕ ਘਰ 'ਚ ਚੋਰਾਂ ਵਲੋਂ ਸਾਈਕਲ ਤੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਬਾਬਾ ਜਗੀਰ ਸਿੰਘ ਹੈੱਡ ਗ੍ਰੰਥੀ ਵਾਸੀ ਮਹਿਤਾਬਪੁਰ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਬਰਾਂਡੇ 'ਚ ਸਾਈਕਲ ਅਤੇ ਕਣਕ ਦੀਆਂ ਬੋਰੀਆਂ ਰੱਖੀਆਂ ਸੀ ਅਤੇ ਜਦੋਂ ਮੈਂ ਘਰ ਵਾਪਸ ਆਇਆ ਤਾਂ ਮੇਰੇ ਘਰ ਦਾ ਗੇਟ ਖੁੱਲਿ੍ਹਆ ਹੋਇਆ ਸੀ | ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤਾਂ ਮੇਰਾ ਸਾਈਕਲ ਤੇ ਕਣਕ ਦੀਆਂ ਬੋਰੀਆਂ ਉੱਥੋਂ ਗ਼ਾਇਬ ਸੀ ਜਦੋਂ ਮੈਂ ਲਾਗੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਮੇਰਾ ਸਾਈਕਲ ਤੇ ਕਣਕ ਦੀਆਂ ਬੋਰੀਆਂ ਚੋਰੀ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਭਾਲ ਤੇ ਸਾਈਕਲ ਨੂੰ ਕਿ੍ਸ਼ਚਨਾਂ ਦੇ ਮਹੱਲਾ ਮਹਿਤਾਬਪੁਰ ਵਿਖੇ ਭੰਗ 'ਚੋਂ ਬਰਾਮਦ ਕਰ ਲਿਆ ਹੈ ਪਰ ਕਣਕ ਦੀਆਂ ਬੋਰੀਆਂ ਨਹੀਂ ਮਿਲੀਆਂ | ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਪੁਲਿਸ ਚੌਕੀ ਭੰਗਾਲਾ ਨੂੰ ਸੂਚਿਤ ਕਰ ਦਿੱਤਾ ਹੈ | ਉਨ੍ਹਾਂ ਪੁਲਿਸ ਚੌਕੀ ਭੰਗਾਲਾ ਦੀ ਢਿੱਲੀ ਕਾਰਗੁਜ਼ਾਰੀ ਤੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ |