ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਵਿਖੇ ਸਮਾਜ ਸੇਵੀ ਜੋਗਿੰਦਰ ਸਿੰਘ ਵਲੋਂ ਆਪਣੇ ਸਵ. ਪੁੱਤਰ ਸੰਦੀਪ ਕੁਮਾਰ (ਅਸਿਸਟੈਂਟ ਡਿਸਟਿ੍ਕਟ ਅਟਾਰਨੀ) ਦੀ ਯਾਦ 'ਚ ਡੀ. ਏ. ਵੀ. ਸਕੂਲ ਦੇ ਪੰਜ ਵਿਦਿਆਰਥੀ ਦੀ ਫ਼ੀਸ ਲਈ 25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ | ਇਸ ਮੌਕੇ ਡੀ. ਏ. ਵੀ. ਸਕੂਲ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਕੰਵਲਜੀਤ ਸ਼ਰਮਾ ਨੇ ਸਮਾਜ ਸੇਵੀ ਜੋਗਿੰਦਰ ਸਿੰਘ ਦੇ ਇਸ ਨੇਕ ਅਤੇ ਪ੍ਰੇਰਣਾਦਾਇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਆਖਿਆ ਕਿ ਇਸ ਤਰ੍ਹਾਂ ਦੇ ਸਮਾਜਿਕ ਯੋਗਦਾਨ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਸਕੂਲ ਪ੍ਰਬੰਧਕ ਕਮੇਟੀ ਵਲੋਂ ਸਵ. ਸੰਦੀਪ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖ਼ਸ਼ਣ ਦੀ ਅਰਦਾਸ ਕੀਤੀ ਗਈ ਅਤੇ ਜੋਗਿੰਦਰ ਸਿੰਘ ਦਾ ਇਸ ਉਦਾਰ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਪਿ੍ੰਸੀਪਲ ਕੰਵਲਜੀਤ ਸ਼ਰਮਾ ਤੇ ਹੋਰ ਹਾਜ਼ਰ ਸਨ |