ਮੁਕੇਰੀਆਂ, 15 ਮਈ (ਰਾਮਗੜ੍ਹੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੇ ਸੰਬੰਧ ਵਿਚ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੇ ਦੋ ਵਿਦਿਆਰਥੀਆਂ ਅਨੁਜ ਅਤੇ ਅਗਮ ਨੇ ਕ੍ਰਮਵਾਰ 14ਵਾਂ ਅਤੇ 15ਵਾਂ ਸਥਾਨ ਪ੍ਰਾਪਤ ਕਰਦੇ ਹੋਏ ਆਪਣੇ ਮਾਪਿਆਂ, ਅਧਿਆਪਕਾਂ, ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਇਹ ਦੋਵੇਂ ਜੁੜਵਾਂ ਭਰਾ ਹਨ ਅਤੇ ਇਹਨਾਂ ਦੇ ਮੈਰਿਟ ਵਿਚ ਆਉਣ ਦੀ ਖ਼ਬਰ ਸੁਣਦਿਆਂ ਸਾਰ ਹੀ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਜ਼ਿਕਰਯੋਗ ਹੈ ਕਿ ਆਸਥਾ ਘਈ ਨੇ ਸਕੂਲ ਵਿਚ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਨੀਰਜ ਘਈ ਅਤੇ ਵਾਈਸ ਪਿ੍ੰਸੀਪਲ ਕਮਲ ਸਾਗਰ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਪ੍ਰਬੰਧਕੀ ਕਮੇਟੀ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਕੁੰਵਰ ਰਜੇਸ਼ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ | ਪ੍ਰਬੰਧਕੀ ਕਮੇਟੀ ਦੇ ਮੈਨੇਜਰ ਡਾ. ਰਜੇਸ਼ ਲਖਨਪਾਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਤਰੱਕੀ ਕਰਨ ਲਈ ਆਸ਼ੀਰਵਾਦ ਦਿੱਤਾ | ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਐੱਸ. ਐੱਮ. ਸ਼ਰਮਾ, ਅਮਿਤ ਕੁਮਾਰ, ਬਰਜਿੰਦਰ ਅਗਰਵਾਲ ਨੇ ਵੀ ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸੀ |