ਹੁਸ਼ਿਆਰਪੁਰ, 17 ਮਈ (ਨਰਿੰਦਰ ਸਿੰਘ ਬੱਡਲਾ)-ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਲ ਨੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਦ ਤੱਕ ਹੜਤਾਲ ਜਾਰੀ ਰਹੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਮਿਊਾਸੀਪਲ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਨੇ ਕੀਤਾ | ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਦੇ ਸੱਦੇ 'ਤੇ ਸੂਬੇ ਭਰ 'ਚ ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ, ਜਿਸ ਨੂੰ ਖੁਲ੍ਹਵਾਉਣ ਲਈ ਆਗੂਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਸ ਵਾਰ ਕਰਮਚਾਰੀ ਕਿਸੇ ਵੀ ਦਬਾਅ ਦੇ ਆਉਣ ਦੇ ਮੂਡ 'ਚ ਨਹੀਂ ਹੈ | ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੋਈ ਬੈਠਕ ਪੂਰੀ ਤਰ੍ਹਾਂ ਨਾਲ ਬੇਨਤੀਜਾ ਰਹੀ ਸੀ ਤੇ ਸਰਕਾਰ ਵਲੋਂ ਦੁਬਾਰਾ 18 ਮਈ ਨੂੰ ਬੈਠਕ ਦਾ ਪ੍ਰਸਤਾਵ ਦਿੱਤਾ ਗਿਆ ਹੈ, ਜਿਸ ਵਿਚ ਐਕਸ਼ਨ ਕਮੇਟੀ ਤੇ ਸਫ਼ਾਈ ਕਰਮਚਾਰੀ ਯੂਨੀਅਨ ਸਮੇਤ ਹੋਰ ਯੂਨੀਅਨਾਂ ਦੇ ਆਗੂ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਜੇਕਰ ਇਸ ਬੈਠਕ 'ਚ ਉਨ੍ਹਾਂ ਦੀਆਂ ਨੂੰ ਮੰਗਾਂ ਨੂੰ ਸਰਕਾਰ ਵਲੋਂ ਨਾ ਮੰਨਿਆ ਗਿਆ ਤਾਂ ਹੜਤਾਲ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਕਰਨਜੋਤ ਆਦੀਆ, ਸੋਮਨਾਥ ਆਦੀਆ, ਵਿਕਰਮਜੀਤ, ਗੋਪਾਲ ਕਿਸ਼ਨ, ਜੋਗਿੰਦਰਪਾਲ, ਅਰੁਣ ਕੁਮਾਰ, ਹਰਵਿੰਦਰ, ਨੀਰਜ ਹੰਸ, ਬਲਰਾਮ ਭੱਟੀ, ਹੀਰਾ ਲਾਲ, ਪ੍ਰਦੀਪ ਕੁਮਾਰ, ਹਰਵਿਲਾਸ, ਦੇਵ ਕੁਮਾਰ, ਅਸ਼ੋਕ ਕੁਮਾਰ ਹੰਸ, ਰਜਿੰਦਰ ਕੁਮਾਰ, ਪਵਨ ਕੁਮਾਰ, ਸੁਭਾਸ਼ ਚੰਦਰ, ਦੀਪਕ ਕੁਮਾਰ, ਬਲਦੇਵ ਰਾਜ ਆਦਿ ਹਾਜ਼ਰ ਸਨ |