ਸਿੱਧਵਾਂ ਬੇਟ, 17 ਮਈ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਤੇ ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ ਤੇ ਸਿੱਧਵਾਂ ਬੇਟ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਆਖਿਆ ਕਿ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਾਖਾ ਹਲਕੇ ਦੇ ਇੰਚਾਰਜ ਕੈਪਟਨ ਸੰਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 19 ਮਈ ਨੂੰ 'ਲੋਕ ਆਵਾਜ਼ ਯਾਤਰਾ' ਦੀ ਬੇਟ ਇਲਾਕੇ 'ਚੋਂ ਕੀਤੀ ਜਾ ਰਹੀ ਸ਼ੁਰੂਆਤ ਇਤਿਹਾਸਕ ਹੋਵੇਗੀ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਸਾਨਦਾਰ ਦਾ ਜਿੱਤ ਦਾ ਮੁੱਢ ਬੰਨ੍ਹੇਗੀ | ਉਨ੍ਹਾਂ ਆਖਿਆ ਕਿ ਸਥਾਨਿਕ ਕਸਬੇ ਵਿਚੋਂ ਇਸ ਦੀ ਸ਼ੁਰੂਆਤ 19 ਮਈ ਨੂੰ 'ਲੋਕ ਆਵਾਜ਼ ਯਾਤਰਾ' ਸਵੇਰੇ 6 ਵਜੇ ਸ਼ੁਰੂ ਹੋਵੇਗੀ, ਜਿਸ ਦੀ ਅਗਵਾਈ ਖੁਦ ਕੈਪਟਨ ਸੰਧੂ ਕਰਨਗੇ ਅਤੇ ਇਹ ਯਾਤਰਾ ਲਾਗਲੇ ਪਿੰਡ ਸਲੇਮਪੁਰਾ, ਭੁਮਾਲ, ਕੀੜੀ, ਮੁਦਾਰਪੁਰਾ, ਰਾਊਵਾਲ, ਗੋਰਸੀਆਂ ਮੱਖਣ ਅਤੇ ਕਈ ਹੋਰ ਪਿੰਡ 'ਚੋਂ ਗੁਜ਼ਰਦੀ ਹੋਈ ਭੂੰਦੜੀ ਪੁੱਜੇਗੀ | ਉਨ੍ਹਾਂ ਇਸ ਮੌਕੇ ਬਦਲਾਅ ਦੇ ਨਾਂਅ 'ਤੇ ਸੱਤਾ 'ਤੇ ਕਾਬਜ਼ ਹੋਈ ਮਾਨ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲੈਂਦੇ ਹੋਏ ਆਖਿਆ ਕਿ ਇਹ ਸਰਕਾਰ ਹੁਣ ਤੱਕ ਸਭ ਤੋਂ ਵੱਧ ਡਰਾਮੇਬਾਜ਼ ਸਰਕਾਰ ਸਿੱਧ ਹੋਈ ਹੈ, ਜਿਸ ਨੇ ਲੱਖਾਂ ਪੰਜਾਬੀਆਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਇਸ ਮੌਕੇ ਰਿਟਾ: ਪਟਵਾਰੀ ਰਵਿੰਦਰ ਕੁਮਾਰ, ਗੁਰਪ੍ਰਤਾਪ ਸਿੰਘ, ਬਾਬੂ ਬਾਂਸਲ, ਨਿਰਮਲ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਤੇ ਸਾਬਕਾ ਸਰਪੰਚ ਭਗਵੰਤ ਸਿੰਘ ਹੈਪੀ ਨੇ ਵੀ ਪਾਰਟ ਵਰਕਰਾਂ ਨੂੰ 'ਲੋਕ ਆਵਾਜ਼ ਯਾਤਰਾ' ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |