ਬਲਾਚੌਰ, 17 ਮਈ (ਨਰੇਸ਼ ਧੌਲ)-ਨਵਾਂ ਪਿੰਡ ਟੱਪਰੀਆਂ ਵਿਖੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਪਾਣੀ ਬਲਾਚੌਰ-ਭੱਦੀ ਮੁੱਖ ਸੜਕ 'ਤੇ ਆਮ ਹੀ ਵੇਖਿਆ ਜਾ ਸਕਦਾ ਹੈ | ਜਿਸ ਨਾਲ ਸੜਕ 'ਤੇ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ ਤੇ ਇਨ੍ਹਾਂ ਖੱਡਿਆਂ ਵਿਚ ਇਹ ਗੰਦਾ ਪਾਣੀ ਛੱਪੜ ਨੁਮਾ ਰੂਪ ਧਾਰਨ ਕਰਕੇ ਅਕਸਰ ਹੀ ਖੜ੍ਹਾ ਰਹਿੰਦਾ ਹੈ, ਜੋ ਪੈਦਲ ਚੱਲਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਰੋਜ਼ਾਨਾ ਹੀ ਵੱਡੀ ਸਿਰਦਰਦੀ ਦਾ ਕਾਰਨ ਬਣਦਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨਿਕਾਸੀ ਵਾਲਾ ਪਾਣੀ ਪਹਿਲਾਂ ਐਸ. ਸੀ. ਬਸਤੀ ਵਿਖੇ ਛੱਪੜ ਵਿਚ ਪੈਂਦਾ ਸੀ, ਪਰ ਹੁਣ ਕੁੱਝ ਕਾਰਨਾਂ ਕਰਕੇ ਇਹ ਪਾਣੀ ਛੱਪੜ ਵਿਚ ਪੈਣ ਤੋਂ ਬੰਦ ਹੋ ਗਿਆ ਹੈ, ਜਿਸ ਕਰ ਕੇ ਇਹ ਗੰਦਾ ਪਾਣੀ ਮੁੱਖ ਸੜਕ ਦਾ ਸ਼ਿੰਗਾਰ ਬਣ ਰਿਹਾ ਹੈ | ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮੁੱਖ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ ਤਾਂ ਜੋ ਜਿਥੇ ਮੁੱਖ ਸੜਕ ਦਾ ਬਚਾਅ ਹੋ ਸਕੇ ਉਥੇ ਆਵਾਜਾਈ ਨੂੰ ਵੀ ਨਿਰਵਿਘਨ ਬਣਾਇਆ ਜਾ ਸਕੇ |