ਸਮੁੰਦੜਾ, 17 ਮਈ (ਤੀਰਥ ਸਿੰਘ ਰੱਕੜ)-ਪਿੰਡ ਸਿਕੰਦਰਪੁਰ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੇਂਦਰ ਸਰਕਾਰ ਤੇ ਰਾਜਪਾਲ ਦਾ ਪੁਤਲਾ ਫ਼ੂਕ ਕੇ ਰੋਸ ਵਿਖਾਵਾ ਕੀਤਾ | ਇਸ ਮੌਕੇ ਇਕੱਠੇ ਹੋਏ ਕਿਸਾਨਾਂ ਤੇ ਯੂਨੀਅਨ ਦੇ ਆਗੂਆਂ ਵਲੋਂ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਰਾਮਜੀਤ ਸਿੰਘ ਦੇਨੋਵਾਲ ਕਲਾਂ ਤੇ ਸਕੱਤਰ ਕੁਲਵੰਤ ਸਿੰਘ ਗੋਲੇਵਾਲ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਭਾਖੜਾ ਡੈਮ ਦੇ ਮਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਵਕ ਮਾਰਚ ਕਰ ਰਹੇ ਕਿਸਾਨਾਂ 'ਤੇ ਅੰਨੇ੍ਹਵਾਹ ਲਾਠੀਚਾਰਜ ਤੇ ਅੱਥਰੂ ਗੈੱਸ ਦੀ ਵਰਤੋਂ ਕਰਨ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਕਿਸਾਨਾਂ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕਿਸਾਨਾਂ 'ਤੇ ਕੀਤੇ ਗਏ ਤਸ਼ੱਦਦ ਦੌਰਾਨ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਨਾਲ ਕਿਸਾਨਾਂ ਦੀਆਂ ਪੱਗਾਂ ਪੈਰਾਂ ਵਿਚ ਰੋਲੀਆਂ ਗਈਆਂ ਤੇ ਕਈ ਕਿਸਾਨ ਗੰਭੀਰ ਜ਼ਖ਼ਮੀ ਵੀ ਹੋ ਗਏ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਗਏ ਭਾਖੜਾ ਡੈਮ ਦੀ ਪ੍ਰਬੰਧਕ ਕਮੇਟੀ 'ਚੋਂ ਪੰਜਾਬ ਦੀ ਮੈਂਬਰਸ਼ਿਪ ਨੂੰ ਖ਼ਤਮ ਕਰਨਾ ਸੂਬੇ ਨਾਲ ਸਰਾਸਰ ਧੱਕਾ ਹੈ, ਜਿਸ ਲਈ ਪੰਜਾਬ ਦੇ ਸਮੂਹ ਲੋਕਾਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਵਿਚ ਕੀਤੇ ਗਏ ਨਿਗੂਣੇ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਫ਼ਸਲਾਂ ਦੇ ਲਾਗਤ ਮੁੱਲ ਪਹਿਲਾਂ ਦੀ ਬਜਾਏ ਕਈ ਗੁਣਾਂ ਵੱਧ ਗਏ ਹਨ | ਇਸ ਤੋਂ ਇਲਾਵਾ ਬੀਤੇ ਦਿਨੀਂ ਡੀਜ਼ਲ ਦੀਆਂ ਵਧੀਆਂ ਕੀਮਤਾਂ ਨਾਲ ਕਿਸਾਨਾਂ 'ਤੇ ਹੋਰ ਵੀ ਵਾਧੂ ਆਰਥਿਕ ਬੋਝ ਪਵੇਗਾ ਪਰ ਸੂਬਾ ਸਰਕਾਰ ਵਲੋਂ ਝੋਨੇ ਸਮੇਤ ਹੋਰ ਫ਼ਸਲਾਂ ਦੀ ਭਾਅ ਵਿਚ ਕੀਤਾ ਗਿਆ ਵਾਧਾ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਕਰਨ ਦੇ ਬਰਾਬਰ ਹੈ | ਇਸ ਮੌਕੇ ਕੁਲਵਿੰਦਰ ਸਿੰਘ ਚਾਹਲ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਬਲਾਕ ਆਗੂ ਸੰਦੀਪ ਸਿੰਘ ਮਿੰਟੂ, ਪਰਮਜੀਤ ਸਿੰਘ ਰੁੜਕੀ ਖ਼ਾਸ, ਤਜਿੰਦਰ ਸਿੰਘ ਦੇਨੋਵਾਲ ਕਲਾਂ, ਹਰਜਿੰਦਰ ਸਿੰਘ ਸਿਕੰਦਰਪੁਰ, ਕਰਤਾਰ ਸਿੰਘ, ਬਲਵੀਰ ਸਿੰਘ, ਰੋਮੀ ਸਿੰਘ, ਬਘੇਲ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ |