ਹੁਸ਼ਿਆਰਪੁਰ, 18 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕਪੂਰ ਨੇ ਦੱਸਿਆ ਕਿ ਕੈਮਿਸਟਾਂ ਦੀ ਹੜਤਾਲ ਨੂੰ ਆਈ. ਐਮ. ਏ. ਪੰਜਾਬ ਤੇ ਆਲ ਇੰਡੀਆ ਫ਼ੈਡਰੇਸ਼ਨ ਆਫ਼ ਮੈਡੀਕਲ ਰੀਪ੍ਰਜੈਟੇਸ਼ਨ ਐਸੋਸੀਏਸ਼ਨ ਨੇ ਵੀ ਇਸ ਦਾ ਸਮਰਥਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਬੰਦ ਦੌਰਾਨ ਅਪੋਲੋ ਕੈਮਿਸਟ ਦੁਕਾਨਾਂ ਵੀ ਬੰਦ ਰਹਿਣਗੀਆਂ | ਉਨ੍ਹਾਂ ਕਿਹਾ ਕਿ ਆਨਲਾਈਨ ਕਾਰੋਬਾਰ ਦੀ ਆੜ ਹੇਠ ਕਥਿਤ ਤੌਰ 'ਤੇ ਨਕਲੀ ਤੇ ਨਸ਼ੀਲੀਆਂ ਦਵਾਈਆਂ ਵੇਚੇ ਜਾਣ ਦਾ ਖਦਸ਼ਾ ਹੈ | ਉਨ੍ਹਾਂ ਦੱਸਿਆ ਕਿ ਇਹ ਹੜਤਾਲ ਗੈਰ ਕਾਨੂੰਨੀ ਤੇ ਅਨਿਯਮਤ ਈ-ਫਾਰਮੇਸੀ ਕਾਰਪੋਰੇਟ ਕੰਪਨੀਆਂ ਦੀਆਂ ਗਤੀਵਿਧੀਆਂ, ਉਨ੍ਹਾਂ ਵਲੋਂ ਦਿੱਤੀ ਜਾ ਰਹੀ ਭਾਰੀ ਛੋਟ ਅਤੇ ਛੋਟੇ ਵਪਾਰੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਦੇ ਵਿਰੁੱਧ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਿਕ ਦਵਾਈਆਂ ਕੇਵਲ ਡਾਕਟਰ ਦੀ ਪਰਚੀ ਦੇਖ ਕੇ ਹੀ ਫ਼ਾਰਮਾਸਿਸਟ ਜਾਂ ਮੈਡੀਕਲ ਪ੍ਰੈਕਟੀਸ਼ਨਰ ਦੀ ਮੌਜੂਦਗੀ 'ਚ ਹੀ ਦਿੱਤੀਆਂ ਜਾ ਸਕਦੀਆਂ ਹਨ ਪਰ ਕੰਪਨੀਆਂ ਆਨਲਾਈਨ ਸਿੱਧਾ ਕੋਰੀਅਰ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ | ਇਸ ਨਾਲ ਜ਼ਮੀਨੀ ਪੱਧਰ 'ਤੇ ਮਿਹਨਤ ਕਰਨ ਵਾਲੇ ਸਥਾਨਕ ਦੁਕਾਨਦਾਰਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ ਤੇ ਦੇਸ਼ ਦਾ ਪੈਸਾ ਵਿਦੇਸ਼ੀ ਕੰਪਨੀਆਂ ਨੂੰ ਜਾ ਰਿਹਾ ਹੈ |