ਹੁਸ਼ਿਆਰਪੁਰ, 18 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ ਦੇ ਚੱਲਦਿਆਂ ਸਫ਼ਾਈ ਕਰਮਚਾਰੀ ਸ਼ਹਿਰ 'ਚੋਂ ਗੰਦਗੀ ਸਾਫ਼ ਕਰਨ ਤੋਂ ਇਨਕਾਰੀ ਹੋ ਚੁੱਕੇ ਹਨ ਜਿਸ ਦੇ ਚੱਲਦਿਆਂ ਸ਼ਹਿਰ ਦੇ ਹਰੇਕ ਗਲੀ ਮੁਹੱਲੇ 'ਚ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਇੱਥੋਂ ਤੱਕ ਕਿ ਸਭ ਤੋਂ ਸੰਵੇਦਨਸ਼ੀਲ ਜਗਾਂ ਸਿਵਲ ਹਸਪਤਾਲ ਦੇ ਆਸ-ਪਾਸ ਵੀ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਸਿੱਧੇ ਤੌਰ 'ਤੇ ਸੱਦਾ ਦੇ ਰਹੇ ਹਨ | ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸ਼ਹਿਰ 'ਚ ਸਫ਼ਾਈ ਦੀ ਹਾਲਤ ਬਦ ਤੋਂ ਬਦਤਰ ਹੋ ਜਾਵੇਗੀ ਅਤੇ ਗਰਮੀ ਕਾਰਨ ਇਨ੍ਹਾਂ ਢੇਰਾਂ 'ਚ ਪਲਾਸਟਿਕ ਦੇ ਲਿਫਾਇਆਂ 'ਚ ਘਰਾਂ ਦਾ ਕੂੜਾ ਬਦਬੂ ਮਾਰਨ ਲੱਗ ਪਿਆ ਹੈ ਤੇ ਢੇਰਾਂ ਦੇ ਕੋਲੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਪਹਿਲੇ ਦਿਨ ਹੀ ਹੜਤਾਲ 'ਤੇ ਜਾਣ 'ਤੇ ਸਫ਼ਾਈ ਕਰਮਚਾਰੀਆਂ ਤੁਰੰਤ ਸਾਰੇ ਹਾਲਤਾਂ ਦਾ ਅੰਦਾਜ਼ਾ ਹੋਣਾ ਚਾਹੀਦਾ ਸੀ | ਧੀਮਾਨ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਅੰਦਰ ਮਰੀਜ਼ਾਂ ਦੀਆਂ ਸਿਹਤ ਸੇਵਾਵਾਂ ਹੋਰ ਵੀ ਤੇਜ਼ੀ ਨਾਲ ਪ੍ਰਭਾਵਿਤ ਹੋਣਗੀਆਂ ਤੇ ਜ਼ਿਲ੍ਹਾ ਹੈਲਥ ਅਫ਼ਸਰਾਂ ਦੀ ਚੁੱਪੀ ਹੋਰ ਵੀ ਨੁਕਸਾਨਦੇਹ ਹੈ | ਸਿਹਤ ਵਿਭਾਗ ਦਾ ਫ਼ਰਜ਼ ਬਣਦਾ ਹੈ ਕਿ ਉਹ ਤੁਰੰਤ ਸਰਕਾਰ ਨੂੰ ਲਿਖਣ ਤਾਂ ਕਿ ਸਫ਼ਾਈ ਕਰਮਚਾਰੀ ਜਲਦੀ ਕੰਮ 'ਤੇ ਪਰਤ ਸਕਣ ਕਿ ਹਰ ਕੰਮ ਹੜਤਾਲ ਜਾਂ ਮੁਜ਼ਾਹਰੇ ਕਰਨ ਨਾਲ ਹੀ ਸਰਕਾਰ ਨੂੰ ਸੁਣਾਈ ਦਿੰਦਾ ਹੈ? ਸ਼ਹਿਰ 'ਚ ਸਿਵਲ ਹਸਪਤਾਲ ਦੇ ਬਾਹਰ, ਮਿੰਨੀ ਸੈਕਟਰੀਏਟ ਤੇ ਡੀ. ਏ. ਵੀ. ਕਾਲਜ ਤੇ ਸਿੱਖਿਆ ਬੋਰਡ ਦੇ ਬਾਹਰਲੇ ਪਾਸੇ ਲੱਗੇ ਗੰਦਗੀ ਦੇ ਢੇਰਾਂ ਨੇ ਬੈਠਣਾ ਵੀ ਮੁਸ਼ਕਿਲ ਕਰ ਦਿੱਤਾ ਹੈ |
ਸ਼ਹਿਰ 'ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਥਾਂ-ਥਾਂ ਲੱਗੇ ਗੰਦਗੀ ਦੇ ਢੇਰ
ਅਜੀਤ ਡੈਸਕ
19-05-2026