ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੰਮ ਦੌਰਾਨ ਮਜ਼ਦੂਰ, ਕਰਮਚਾਰੀਆਂ ਦੀ ਸੈਫਟੀ ਸੰਵਿਧਾਨਕ ਅਧਿਕਾਰ ਹੈ | ਸੈਫਟੀ ਨਿਯਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੱਖਾਂ ਰੁਪਏ ਤਨਖ਼ਾਹ ਲੈਣ ਵਾਲੇ ਅਧਿਕਾਰੀ ਤੇ ਲੇਬਰ ਮੰਤਰਾਲਾ ਮੌਜੂਦ ਹੈ ਤੇ ਇਸ ਸਭ ਦੇ ਬਾਵਜੂਦ ਮਜ਼ਦੂਰ ਦਾ ਜੀਵਨ ਖ਼ਤਰਿਆਂ ਨਾਲ ਘਿਰਿਆ ਪਿਆ ਹੈ | ਇਸ ਸੰਬੰਧ 'ਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸ਼ਾਮ ਲਾਲ ਨੇ ਸੜਕਾਂ ਦੀ ਉਸਾਰੀ ਸਮੇਂ ਮਜ਼ਦੂਰਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਬਿਨਾਂ ਸੈਫਟੀ ਕਿੱਟਾਂ ਮੁਹੱਈਆ ਕਰਵਾਇਆਂ ਕੰਮ ਕਰਵਾਉਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਲੇਬਰ ਵਿਭਾਗ ਦਾ ਮਜ਼ਦੂਰਾਂ ਪ੍ਰਤੀ ਵਰਤਾਰਾ ਗੈਰ ਮਨੁੱਖਤਾ ਵਾਲਾ ਹੈ | ਉਨ੍ਹਾਂ ਦੱਸਿਆ ਕਿ ਜਿਸ ਵੀ ਕੰਪਨੀ ਦੇ ਅਧੀਨ ਕੰਮ ਹੁੰਦਾ ਹੈ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਰ੍ਹਾਂ ਦੇ ਔਖੇ ਕੰਮ 'ਚ ਹਰੇਕ ਮਜ਼ਦੂਰ ਨੂੰ ਸੈਫਟੀ ਬੂਟ, ਵਰਦੀਆਂ, ਸਿਰ ਤੇ ਹੈਲਮਟ ਅਤੇ ਦੁਪਹਿਰ ਦਾ ਖਾਣਾ ਖਾਣ ਲਈ ਇਕ ਸਥਾਨ ਮੁਹੱਈਆ ਕਰਵਾਏ ਤੇ ਸਾਫ਼ ਪੀਣ ਵਾਲਾ ਪਾਣੀ ਆਦਿ ਦਾ ਵੀ ਪ੍ਰਬੰਧ ਕਰਕੇ ਦੇਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਸੜਕਾਂ 'ਤੇ ਲੁੱਕ ਪਾਉਣ ਦਾ ਕੰਮ ਪੂਰੀ ਤਰ੍ਹਾਂ ਜੋਖ਼ਮ ਭਰਿਆ ਹੈ ਤੇ ਮਜ਼ਦੂਰ ਪੈਰਾਂ 'ਚ ਚੱਪਲਾਂ ਪਾ ਕੇ ਤਪਦੀ ਧੁੱਪ ਅਤੇ ਗਰਮ ਲੁੱਕ 'ਤੇ ਅਤੇ ਧੂੰਏ ਭਰੇ ਮਾਹੌਲ ਵਿਚ ਸਿਰਫ਼ ਢਿੱਡ ਦੀ ਖ਼ਾਤਰ ਇਹ ਕੰਮ ਕਰਦਾ ਹੈ | ਇਸ ਸੰਬੰਧੀ ਧੀਮਾਨ ਨੇ ਲੇਬਰ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਇਸ ਸੰਬੰਧ 'ਚ ਕੋਈ ਸ਼ਿਕਾਇਤ ਨਹੀਂ ਆਈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਜ਼ਿੰਮੇਵਾਰ ਅਧਿਕਾਰੀ ਸ਼ਿਕਾਇਤ ਮਿਲਣ 'ਤੇ ਹੀ ਕੰਮ ਕਰਨਗੇ? ਧੀਮਾਨ ਨੇ ਲੇਬਰ ਵਿਭਾਗ ਦੀਆਂ ਅਣਗਹਿਲੀਆਂ ਵਾਰੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਈ-ਮੇਲ ਕਰਕੇ ਦਖ਼ਲ ਅੰਦਾਜ਼ੀ ਕਰਨ ਵਾਰੇ ਅਪੀਲ ਕੀਤੀ |