ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਰੋਡ ਸੇਫ਼ਟੀ ਲਈ ਬਣੀਆਂ ਕਮੇਟੀ ਅਤੇ ਕੌਂਸਲ ਦੀ ਘਟੀਆ ਕਾਰਗੁਜ਼ਾਰੀ ਤੇ ਟਰੈਫ਼ਿਕ ਚਿੰਨ੍ਹਾਂ ਦਾ ਸੜਕਾਂ ਦੇ ਆਲੇ-ਦੁਆਲੇ ਪੈਦਾ ਹੋਈ ਬੂਟੀ 'ਚ ਛਿਪਣਾ, ਸੜਕਾਂ ਦੇ ਵਰਮਾ ਦਾ ਅਲੋਪ ਹੋਣਾ ਅਤੇ ਟਰੈਫ਼ਿਕ ਚਿੰਨ੍ਹਾਂ ਦੀ ਥਾਂ ਸ਼ਰਾਬ ਦੀ ਐਡਵਰਟਾਇਜਮੈਂਟ ਦੇ ਚਮਕਦਾਰ ਲੱਗੇ ਬੋਰਡ ਅਤੇ ਸਪੀਡ ਲਿਮਟ ਚਿੰਨ੍ਹਾਂ, ਸੜਕਾਂ 'ਤੇ ਝੁਕੇ ਦਰੱਖਤਾਂ, ਸੜਕਾਂ 'ਚ ਘਰਾਂ ਦਾ ਸੀਵਰੇਜ ਵਾਟਰ ਦਾ ਘੁੰਮਣਾ ਆਮ ਸਾਧਾਰਨ ਗੱਲ ਬਣ ਗਈ ਹੈ | ਸੜਕਾਂ 'ਤੇ ਵਿਵਸਥਾ ਸੁਧਾਰਨ ਵੱਲ ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ 'ਤੇ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਅਨਿਕੇਤ ਅਤੇ ਜਸਵੀਰ ਸਿੰਘ ਵਿਰਦੀ ਨੇ ਕਿਹਾ ਕਿ ਸੜਕ ਹਾਦਸਿਆਂ 'ਚ ਵਾਧਾ ਸਰਕਾਰ ਦੀਆਂ ਦੋਗਲੀਆਂ ਅਤੇ ਰੰਗਲੀਆਂ ਨੀਤੀਆਂ 'ਤੇ ਨਿਰਭਰ ਕਰਦਾ ਹੈ, ਨਾ ਕਿ ਲੋਕਾਂ 'ਤੇ | ਟਰੈਫ਼ਿਕ ਚਿੰਨ੍ਹਾਂ ਦੀ ਬਹੁਤ ਵੱਡੀ ਮਹੱਤਤਾ ਹੈ ਤੇ ਹਰੇਕ ਵਿਅਕਤੀ ਨੂੰ ਉਨ੍ਹਾਂ ਚਿੰਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ, ਪਰ ਥਾਂ-ਥਾਂ ਟਰੈਫ਼ਿਕ ਚਿੰਨ੍ਹਾਂ ਦੀ ਥਾਂ 'ਤੇ ਚਮਕਦਾਰ ਸ਼ਰਾਬ ਦੇ ਪ੍ਰਚਾਰ ਕਰਦੇ ਬੋਰਡ ਹੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦਾ ਲੋਕਾਂ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਨੌਜਵਾਨ ਟਰੈਫ਼ਿਕ ਸਿਸਟਮ ਦੀ ਥਾਂ ਸ਼ਰਾਬ ਪੀਣ ਦੀਆਂ ਆਦਤਾਂ 'ਚ ਹੀ ਵਾਧਾ ਵੇਖਣ ਨੂੰ ਮਿਲਦਾ | ਧੀਮਾਨ ਨੇ ਕਿਹਾ ਕਿ ਹੁਣ ਤਾਂ ਕੱਚੀਆਂ ਸੜਕਾਂ ਦਾ ਜ਼ਮਾਨਾ ਨਹੀਂ ਰਿਹਾ, ਲੋਕ ਬਹੁਤ ਵੱਡਾ ਟੈਕਸ ਅਦਾ ਕਰਦੇ ਹਨ ਤੇ 15-15 ਸਾਲਾਂ ਦਾ ਐਡਵਾਂਸ ਸਰਕਾਰਾ ਟੈਕਸ ਦੇ ਰੂਪ 'ਚ ਲੈ ਰਹੀਆਂ ਹਨ ਅਤੇ ਪੈਟਰੋਲ-ਡੀਜ਼ਲ 'ਤੇ ਵੀ ਸਪੈਸ਼ਲ 5 ਰੁ: ਪ੍ਰਤੀ ਲੀਟਰ ਸੈਸ ਲਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਲੋਕਾਂ ਦੇ ਪੱਲੇ ਸੜਕਾਂ ਦੇ ਆਲੇ-ਦੁਆਲੇ ਟਰੈਫ਼ਿਕ ਚਿੰਨ੍ਹਾਂ ਦੀ ਜਗ੍ਹਾ ਸ਼ਰਾਬ ਦੇ ਬੋਰਡ ਹੀ ਪੱਲੇ ਪੈਣੇ ਹਨ ਤਾਂ ਟੈਕਸ ਦੇਣ ਦਾ ਕੀ ਲਾਭ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਟਰੈਫ਼ਿਕ ਚਿੰਨ੍ਹ ਤਾਂ ਸੜਕਾਂ ਦੇ ਆਲੇ-ਦੁਆਲੇ ਸਰਕੰਡੇ 'ਚ ਛੁਪੇ ਪਏ ਹਨ | ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੜਕਾਂ ਦੀ ਹਾਲਤ ਤੁਰੰਤ ਸੁਧਾਰੀ ਜਾਵੇ ਤੇ ਹਰੇਕ ਸਟੇਟ ਹਾਈਵੇਅ ਦੇ ਚੌਂਕ 'ਚ ਕੈਮਰੇ ਅਤੇ ਟਰੈਫ਼ਿਕ ਲਾਈਟਾਂ ਚਾਲੂ ਕੀਤੀਆਂ ਜਾਣ |