ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਿਛਲੇ 4, 5 ਦਿਨਾ ਤੋਂ ਸੇਵਾ ਕੇਂਦਰ ਦੇ ਕਰਮਚਾਰੀ ਆਪਣੀਆਂ ਸੰਵਿਧਾਨਕ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਬੈਠੇ ਕਲਮ ਛੱਡ ਕੇ ਹੜਤਾਲ ‘ਤੇ ਬੈਠਿਆਂ ਦੀ ਸਰਕਾਰ ਵਲੋਂ ਖ਼ਬਰ-ਸਾਰ ਨਾ ਲੈਣ ਤੇ ਕੰਪਨੀ ਵਲੋਂ ਉਨ੍ਹਾਂ ਕਰਮਚਾਰੀਆਂ ਨੂੰ ਅਨਸਕਿਲਡ ਕੈਟਾਗਰੀ ਵਿਚ ਰੱਖ ਕੇ ਘੱਟੋ ਘੱਟ ਉਜਰਤ ਦੇਣ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਲੇਬਰ ਐਕਟ ਅਨੁਸਾਰ ਕਿਸੇ ਨੂੰ ਵੀ ਗ਼ਲਤ ਕੈਟਾਗਰੀ ਵਿਚ ਰੱਖਣਾ ਗੈਰ ਸੰਵਿਧਾਨਕ ਹੈ ਅਤੇ ਨਾਲ ਹੀ ਬਲਵੀਰ ਸਿੰਘ ਸੈਣੀ ਪੰਜਾਬ ਪੈਨਸ਼ਨਰ ਐਂਡ ਫੈਮਲੀ ਵੈੱਲਫੇਅਰ ਐਸੋਸੀਏਸ਼ਨ ਦੇ ਆਗੂ,ਬਹਾਦਰ ਸਿੰਘ, ਨਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਨੇ ਵੀ ਸੰਬੋਧਨ ਕੀਤਾ। ਧੀਮਾਨ ਨੇ ਕਿਹਾ ਕਿ ਲੇਬਰ ਐਕਟ ਸਾਰੇ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਸਕਿਲਡ ਅਤੇ ਹਾਈਲੀ ਸਕਿਲਡ ਕਰਮਚਾਰੀਆਂ ਨੂੰ ਉਜਰਤ ਵੀ ਉਨ੍ਹਾਂ ਦੀ ਯੋਗਤਾ ਅਨੁਸਾਰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦੇ ਕਰਮਚਾਰੀ ਇਕ ਪ੍ਰਾਈਵੇਟ ਕੰਪਨੀ (ਟੇਰਾਸਿਸ ਸਿਟੀਜ਼ਨ ਕੰਪਨੀ) ਦੇ ਅਧੀਨ ਹਨ। ਇਸ ਕੰਪਨੀ ਦਾ ਪੰਜਾਬ ਸਰਕਾਰ ਨਾਲ ਲਿਖਤੀ ਐਗਰੀਮੈਂਟ ਹੋਇਆ ਹੈ ਪਰ ਨਿਯਮਾਂ ਅਨੁਸਾਰ ਕੰਪਨੀ ਦਾ ਹਰੇਕ ਕਰਮਚਾਰੀ ਦੀ ਇੰਸ਼ੋਰੈਂਸ ਹੋਣਾ ਲਾਜ਼ਮੀ ਹੈ ਤੇ ਕਦੇ ਵੀ ਕੰਪਿਊਟਰ ਅਪਰੇਟਰਾਂ ਨੂੰ ਲੇਬਰ ਦੀ ਕੈਟਾਗਰੀ ਵਿਚ ਨਹੀਂ ਰੱਖਿਆ ਜਾ ਸਕਦਾ ਤੇ ਕੰਪਨੀ ਸ਼ਰੇਆਮ ਅਜਿਹਾ ਕਰ ਰਹੀ ਹੈ । ਪੰਜਾਬ ਸਰਕਾਰ ਨੇ ਕੰਪਨੀ ਦੇ ਵਿਰੁੱਧ ਅਜਿਹੀਆਂ ਗੈਰ ਸੰਵਿਧਾਨਕ ਕਾਰਵਾਈਆਂ ਕਰਨ ਤੇ ਸਖ਼ਤ ਕਾਰਵਾਈ ਕਰਨੀ ਹੁੰਦੀ ਹੈ। ਧੀਮਾਨ ਨੇ ਕਿਹਾ ਕਿ ਸਰਕਾਰਾਂ ਦਾ ਫ਼ਰਜ਼ ਹੈ ਕਿ ਉਹ ਕਰਮਚਾਰੀਆਂ ਦੀ ਆਰਥਿਕ ਲੁੱਟ ਨੂੰ ਰੋਕ ਕੇ ਲੁੱਟੇ ਜਾ ਰਹੇ ਲੋਕਾਂ ਨੂੰ ਇਨਸਾਫ਼ ਮੁਹੱਈਆ ਕਰਵਾਏ ।
ਠੇਕੇਦਾਰੀ ਸਿਸਟਮ ਦਾ ਮਤਲਬ ਕਰਮਚਾਰੀਆਂ ਦੀ ਲੁੱਟ ਨਹੀਂ ਬਲਕਿ ਸੰਵਿਧਾਨਕ ਸੇਵਾਵਾਂ ਮੁਹੱਈਆ ਕਰਵਾਉਣਾ: ਧੀਮਾਨ
ਅਜੀਤ ਡੈਸਕ
04-06-2026