ਗੜ੍ਹਸ਼ੰਕਰ, 3 ਜੂਨ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਂਕ ਦੀ ਖਸਤਾ ਹਾਲਤ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਵੀ ਭੈੜੀ ਬਣ ਗਈ ਹੈ। ਜਦੋਂ ਸ਼ਹਿਰ ਦੇ ਮੁੱਖ ਚੌਂਕ ਦੀ ਬਦਤਰ ਹਾਲਤ ਵੇਖਣ ਨੂੰ ਮਿਲੇ ਤਾਂ ਫਿਰ ਬਾਕੀ ਦੀਆਂ ਸੜਕਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਗੜ੍ਹਸ਼ੰਕਰ ਸ਼ਹਿਰ ਵਿਚ ਸੀਵਰੇਜ ਪਾਉਣ ਲਈ ਚੱਲ ਰਹੀ ਪੁਟਾਈ ਦਾ ਖ਼ਮਿਆਜ਼ਾ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਸੜਕਾਂ ‘ਤੇ ਰਹਿੰਦੇ ਅਤੇ ਉੱਥੋਂ ਨਿੱਤ ਲੰਘਣ ਵਾਲੇ ਲੋਕ ਭੁਗਤ ਰਹੇ ਹਨ, ਉੱਥੇ ਹੀ ਸਭ ਤੋਂ ਬਦਤਰ ਹਾਲਤ ਸ਼ਹਿਰ ਦੇ ਨੰਗਲ ਚੌਂਕ, ਸ੍ਰੀ ਅਨੰਦਪੁਰ ਸਾਹਿਬ ਚੌਂਕ ਅਤੇ ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਬਣੀ ਹੋਈ ਹੈ। ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸ਼ਹਿਰ ਦੇ ਨੰਗਲ ਚੌਂਕ ਦੀ ਪੁਟਾਈ ਕਰਨ ਤੋਂ ਬਾਅਦ ਉੱਥੇ ਸੁਧਾਰ ਕਰਨ ਲਈ ਪ੍ਰਸ਼ਾਸਨ ਦਾ ਇਕ ਫ਼ੀਸਦੀ ਯਤਨ ਸਾਹਮਣੇ ਨਹੀਂ ਆਇਆ। ਪਹਿਲਾ ਜਿੱਥੇ ਪਿਛਲੇ ਸਮੇਂ ਤੋਂ ਨੰਗਲ ਚੌਂਕ ਦੇ ਦੁਕਾਨਦਾਰ ਅਤੇ ਰਾਹਗੀਰ ਚੌਂਕ ਵਿਚੋਂ ਉੱਡਦੀ ਧੂੜ ਤੋਂ ਪ੍ਰੇਸ਼ਾਨ ਰਹੇ ਹਨ, ਉੱਥੇ ਹੀ ਹੁਣ ਧੂੜ ਦੇ ਨਾਲ ਨਾਲ ਚੌਂਕ ‘ਚ ਪਏ ਖੱਡਿਆਂ ਦਾ ਵੀ ਸਾਹਮਣਾ ਕਰ ਰਹੇ ਹਨ। ਇੱਥੋਂ ਸਵੇਰ ਅਤੇ ਸ਼ਾਮ ਸਮੇਂ ਲੰਘਣ ਵਾਲੇ ਸੈਂਕੜੇ �ਵਰਲੋਡ ਟਿੱਪਰਾਂ ਦੀ ਬਦੌਲਤ ਚੌਂਕ ਅਤੇ ਆਸ ਪਾਸ ਦੀਆਂ ਸੜਕਾਂ ਦੀ ਹਾਲਤ ਹੋਰ ਵੀ ਪਤਲੀ ਹੁੰਦੀ ਜਾ ਰਹੀ ਹੈ। ਨੰਗਲ ਚੌਂਕ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਚੌਂਕ ਤੱਕ ਸੜਕ ਦੀ ਹਾਲਤ ਸਰਕਾਰ ਦੇ ਵਿਕਾਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਮੂੰਹੋਂ ਬਿਆਨ ਕਰ ਰਹੀ ਹੈ।
ਸੰਪਰਕ ਸੜਕਾਂ ਤੋਂ ਵੀ ਭੈੜੀ ਬਣ ਗਈ ਹੈ ‘ਗੜ੍ਹਸ਼ੰਕਰ ਦੇ ਨੰਗਲ ਚੌਕ’ ਦੀ ਹਾਲਤ
ਅਜੀਤ ਡੈਸਕ
04-06-2026