ਹੁਸ਼ਿਆਰਪੁਰ, 4 ਜੂਨ (ਹਰਪ੍ਰੀਤ ਕੌਰ)-ਆਰ. ਟੀ. ਆਈ. ਐਕਟਿਵਿਸਟ ਫਰੰਟ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ ਵਿਚ ਪੰਜਾਬੀ ਸਿੱਖ ਨੌਜਵਾਨਾਂ 'ਤੇ ਹੋਏ ਜਾਨਲੇਵਾ ਹਮਲੇ ਤੇ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਕੋਲੋਂ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਤੁਰੰਤ ਗਿ੍ਫਤਾਰ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਦੋਵਾਂ ਸੂਬਿਆਂ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਵਰਗੀ ਦੇਸ਼ ਵਿਰੋਧੀ ਕਰਤੂਤ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀ ਹਿਮਾਚਲੀ ਨੌਜਵਾਨਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਦੋਵਾਂ ਸੂਬਿਆਂ ਦੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਕਾਰਨ ਹਾਲਾਤ ਵਿਸਫੋਟਕ ਬਣ ਸਕਦੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਉਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ | ਬਲਵੀਰ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਤੇ ਹਿਮਾਚਲ ਸਰਕਾਰ ਨਾਲ ਉੱਚ ਪੱਧਰ 'ਤੇ ਸੰਪਰਕ ਕਰਕੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦਵਾਉਣ | ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ 'ਤੇ ਉਸੇ ਤਰ੍ਹਾਂ ਟੈਕਸ ਲਾਉਣ ਦੀ ਕਾਰਵਾਈ ਕਰੇ |