ਹੁਸ਼ਿਆਰਪੁਰ, 4 ਜੂਨ (ਨਰਿੰਦਰ ਸਿੰਘ ਬੱਡਲਾ)-ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੁਦ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦੂਜੀਆਂ ਰਾਜਸੀ ਪਾਰਟੀਆਂ ਦੇ ਆਗੂ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਮੇਂ 'ਚ ਦੇਖਿਆ ਜਾਵੇ ਤਾਂ ਸ਼ਹਿਰ 'ਚ ਸੀਵਰੇਜ, ਪੀਣ ਵਾਲੇ ਪਾਣੀ ਤੋਂ ਇਲਾਵਾ ਬੱਸ ਅੱਡੇ, ਮਿੰਨੀ ਸਕੱਤਰੇਤ, ਨਗਰ ਨਿਗਮ ਦਫ਼ਤਰ ਤੇ ਹੋਰ ਅਨੇਕਾਂ ਵੱਡੇ ਪ੍ਰਾਜੈਕਟ ਭਾਜਪਾ ਸਰਕਾਰ ਦੇ ਸਮੇਂ ਦੀ ਹੀ ਦੇਣ ਹਨ | ਉਨ੍ਹਾਂ ਕਿਹਾ ਕਿ ਲੋਕ ਵਿਕਾਸ ਦੀ ਰਾਜਨੀਤੀ ਪਸੰਦ ਕਰਦੇ ਹਨ ਨਾ ਕਿ ਚੁਟਕਲੇਬਾਜ਼ੀ ਕਰਨ ਵਾਲਿਆਂ ਦੀ ਰਾਜਨੀਤੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਵਾਏ ਦੇਸ਼ ਦੇ ਵਿਕਾਸ ਤੇ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੱਛੜੀਆਂ ਸ਼੍ਰੇਣੀਆਂ ਦੇ ਜ਼ਿਲ੍ਹਾ ਪ੍ਰਧਾਨ ਤੇ ਦੋਆਬਾ ਇਕਾਈ ਦੇ ਇੰਚਾਰਜ ਹਰਜੀਤ ਸਿੰਘ ਮਠਾਰੂ ਵੀ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਨਿਪੁੰਨ ਸ਼ਰਮਾ, ਸੰਜੂ ਅਰੋੜਾ, ਹਰਮਨਜੀਤ ਸਿੰਘ ਵਾਲੀਆ, ਨੀਲਮ ਰਾਣਾ, ਅਸ਼ੋਕ ਕੁਮਾਰ, ਮਹਿੰਦਰ ਪਾਲ ਧੀਮਾਨ, ਰਵਿੰਦਰ ਸਿੰਘ ਚੱਢਾ ਨੇ ਵੀ ਮਠਾਰੂ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਇਸ ਮੌਕੇ ਹਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਉਹ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੇ ਕੇਂਦਰ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਿਲ ਹੋਏ ਹਨ |