ਹਾਜੀਪੁਰ, 4 ਜੂਨ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਬੇਲਾ ਸਰਿਆਣਾ ਪੱਤੀ ਨਾਮ ਨਗਰ ਵਿਚ ਸਥਿਤ ਕਰਿਆਨੇ ਦੀ ਦੁਕਾਨ 'ਚ ਅੱਗ ਲੱਗ ਜਾਣ ਕਰਕੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਸੰਬੰਧੀ ਸਰਪੰਚ ਦੇ ਪਤੀ ਅਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਬੇਲਾ ਸਰਿਆਣਾ ਪੱਤੀ ਨਾਮ ਨਗਰ ਵਿਚ ਸਥਿਤ ਚਾਨਣ ਸਿੰਘ ਪੁੱਤਰ ਬਿਸ਼ਨ ਦਾਸ ਦੀ ਕਰਿਆਨੇ ਦੀ ਦੁਕਾਨ ਵਿਚ ਸ਼ਾਰਟ ਸਰਕਟ ਕਰਕੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਜੋ ਇਕ ਦਮ ਏਨੀ ਜ਼ਿਆਦਾ ਫੈਲ ਗਈ ਕਿ ਸਾਰੀ ਕਰਿਆਨੇ ਦੀ ਦੁਕਾਨ ਅੱਗ ਦੀ ਲਪੇਟ 'ਚ ਆ ਗਈ ਤੇ ਅੱਗ 'ਤੇ ਕਾਬੂ ਪਾਉਣ ਲਈ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਅੱਗ ਬੁਝਾਉਂਦੇ ਸਮੇਂ ਦੁਕਾਨ ਮਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਲਈ ਸਰਕਾਰੀ ਹਸਪਤਾਲ ਹਾਜੀਪੁਰ ਭਰਤੀ ਕਰਵਾਇਆ | ਅਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਰਕੇ ਕਰਿਆਨੇ ਦੀ ਦੁਕਾਨ 'ਚ ਪਿਆ ਫ਼ਰਿਜ ਤੋਂ ਇਲਾਵਾ ਦੁਕਾਨ ਦਾ ਸਾਰਾ ਸਾਮਾਨ ਸੜਕ ਕੇ ਸੁਆਹ ਹੋ ਗਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਚਾਨਣ ਸਿੰਘ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ |