ਤਲਵਾੜਾ, 4 ਜੂਨ (ਐਚ. ਐਸ. ਮਿੱਠੂ)-ਤਲਵਾੜਾ ਦੇ ਪੌਂਗ ਡੈਮ ਮਾਰਗ 'ਤੇ ਅੱਜ ਸਵੇਰੇ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ, ਕਰੀਬ 10 ਵਜੇ ਅਰੋੜਾ ਵਾਲਪੇਪਰ ਵਾਲੀ ਦੁਕਾਨ ਦੇ ਨੇੜੇ ਇਕ ਭਾਰੀ ਸਫੈਦਾ ਜੜ੍ਹ ਤੋਂ ਉਖੜ ਕੇ ਮੁੱਖ ਸੜਕ 'ਤੇ ਜਾ ਡਿੱਗਿਆ | ਹਾਦਸੇ ਕਾਰਨ ਬਿਜਲੀ ਦੇ ਤਿੰਨ ਖੰਭੇ ਬੁਰੀ ਤਰ੍ਹਾਂ ਟੁੱਟ ਗਏ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ | ਰੁੱਖ ਇੰਨੇ ਜ਼ੋਰਦਾਰ ਤਰੀਕੇ ਨਾਲ ਡਿੱਗਿਆ ਕਿ ਨੇੜਲੀਆਂ ਦੁਕਾਨਾਂ ਦੇ ਫਰਸ਼ ਤੱਕ ਉਖੜ ਗਏ | ਪੀੜਤ ਦੁਕਾਨਦਾਰ ਸ਼ੁਭਮ ਅਰੋੜਾ ਨੇ ਦੱਸਿਆ ਕਿ ਰੁੱਖ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਦੀ ਦੁਕਾਨ ਦਾ ਸਾਈਨ ਬੋਰਡ ਟੁੱਟ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਕਰੀਬ 22 ਹਜ਼ਾਰ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਕੌਂਸਲ ਦੇ ਈ. ਓ. ਬਿ੍ਜ ਮੋਹਨ ਤਿ੍ਪਾਠੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸੜਕ ਤੋਂ ਰੁੱਖ ਨੂੰ ਹਟਾਉਣ ਅਤੇ ਰਸਤਾ ਸਾਫ਼ ਕਰਨ ਲਈ ਮੁਲਾਜ਼ਮਾਂ ਨੂੰ ਤੁਰੰਤ ਕੰਮ 'ਤੇ ਲਗਾ ਦਿੱਤਾ ਗਿਆ | ਰੁੱਖ ਸੜਕ ਦੇ ਵਿਚਕਾਰ ਡਿੱਗਣ ਕਾਰਨ ਦੋਵਾਂ ਪਾਸਿਆਂ ਤੋਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਕਈ ਕਿਲੋਮੀਟਰ ਜਾਮ ਲੱਗ ਗਿਆ, ਇਸ ਜਾਮ ਕਾਰਨ ਮੇਨ ਬਾਜ਼ਾਰ ਅਤੇ ਰਿੰਗ ਰੋਡ, ਦੋਵਾਂ ਪਾਸਿਆਂ 'ਤੇ ਆਉਣ-ਜਾਣ ਵਾਲੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਆਸ਼ੂ ਅਰੋੜਾ ਪ੍ਰਧਾਨ ਨਗਰ ਪੰਚਾਇਤ ਅਨੁਸਾਰ ਇਹ ਖੇਤਰ ਬੀ. ਬੀ. ਐਮ. ਬੀ. ਦੇ ਅਧੀਨ ਆਉਂਦਾ ਹੈ | ਉਨ੍ਹਾਂ ਕਿਹਾ ਕਿ ਬੀ. ਬੀ. ਐਮ. ਬੀ. ਤੇ ਜੰਗਲਾਤ ਵਿਭਾਗ ਇਨ੍ਹਾਂ ਬਹੁਤ ਪੁਰਾਣੇ ਹੋ ਚੁੱਕੇ ਰੁੱਖਾਂ ਨੂੰ ਹਟਾਉਣ ਲਈ ਬਿਲਕੁਲ ਵੀ ਗੰਭੀਰ ਨਹੀਂ ਹਨ, ਜਿਸ ਕਾਰਨ ਰੋਜ਼ਾਨਾ ਅਜਿਹੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ | ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੜਕ ਕਿਨਾਰੇ ਖੜ੍ਹੇ ਖ਼ਤਰਨਾਕ ਰੁੱਖਾਂ ਦੀ ਜਲਦ ਛਾਂਟੀ ਕੀਤੀ ਜਾਵੇ |