ਭਾਈ ਅੰਮਿ੍ਤਪਾਲ ਸਿੰਘ ਜਲਦ ਜੇਲ੍ਹ 'ਚੋਂ ਬਾਹਰ ਆ ਕੇ ਮੁੜ ਨਸ਼ਿਆਂ ਖ਼ਿਲਾਫ਼ ਕਰਨਗੇ ਮੁਹਿੰਮ ਸ਼ੁਰੂ-ਮਾਤਾ ਬਲਵਿੰਦਰ ਕੌਰ
ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਹੋਰਨਾਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੋਧ 'ਚ ਅੱਜ ਹੁਸ਼ਿਆਰਪੁਰ ਵਿਖੇ ਵਿਸ਼ਾਲ ਮਾਰਚ ਕੱਢਿਆ ਗਿਆ | ਇਹ ਮਾਰਚ ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਰਵਾਨਾ ਹੋਇਆ ਜੋ ਵੱਖ-ਵੱਖ ਬਾਜ਼ਾਰਾਂ, ਚੌਂਕਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅੱਜ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸ 'ਚ ਫਸ ਕੇ ਪੰਜਾਬ ਦੇ ਨੌਜਵਾਨ ਆਪਣੇ ਜ਼ਿੰਦਗੀ ਗੁਆ ਰਹੇ ਹਨ ਅਤੇ ਇਨ੍ਹਾਂ ਨੂੰ ਇਸ ਦਲ-ਦਲ 'ਚੋਂ ਬਚਾਉਣ ਲਈ ਉਨ੍ਹਾਂ ਦੇ ਪੁੱਤਰ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਨੇ ਖ਼ਾਲਸਾ ਵਹੀਰ ਸ਼ੁਰੂ ਕੀਤੀ ਸੀ, ਜਿਸ ਦੌਰਾਨ ਸੂਬੇ ਦੇ ਅਨੇਕਾਂ ਨੌਜਵਾਨਾਂ ਨੇ ਨਸ਼ਿਆਂ ਦਾ ਰਾਹ ਛੱਡਿਆ ਅਤੇ ਸਹੀ ਰਸਤੇ 'ਤੇ ਤੁਰੇ, ਅਨੇਕਾਂ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਪਾਨ ਕਰਕੇ ਗੁਰਸਿੱਖੀ ਨਾਲ ਜੁੜੇ, ਪ੍ਰੰਤੂ ਉਨ੍ਹਾਂ ਦੇ ਪੁੱਤਰ ਵਲੋਂ ਕੀਤੇ ਜਾ ਰਹੇ ਨੇਕ ਕਾਰਜ ਪੰਜਾਬ ਦੀ 'ਆਪ' ਸਰਕਾਰ ਨੂੰ ਰਾਸ ਨਹੀਂ ਆਏ ਅਤੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਭਾਈ ਅੰਮਿ੍ਤਪਾਲ ਸਿੰਘ 'ਤੇ ਐਨ.ਐਸ.ਏ. ਲਗਾ ਕੇ ਉਸ ਨੂੰ ਦਿਬਰੂਗੜ੍ਹ ਦੀ ਜੇਲ੍ਹ 'ਚ ਡੱਕ ਦਿੱਤਾ, ਕਿਉਂ ਕਿ ਭਾਈ ਅੰਮਿ੍ਤਪਾਲ ਸਿੰਘ ਦੀ ਲੋਕਪਿ੍ਅਤਾ ਤੋਂ ਡਰਦੇ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਆਪਣੀਆਂ ਕੁਰਸੀਆਂ ਦੀ ਚਿੰਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ਼ ਲੋਕਾਂ ਨੂੰ ਭਰਮਾਉਣ ਦਾ ਕੰਮ ਕੀਤਾ ਗਿਆ ਹੈ, ਜਦਕਿ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦਿਆਂ ਨਸ਼ਾਖੋਰੀ, ਲੁੱਟਾਂ-ਖੋਹਾਂ, ਹੱਤਿਆਵਾਂ ਤੇ ਭਿ੍ਸ਼ਟਾਚਾਰ 'ਚ ਬੇਤਹਾਸ਼ਾ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਜਲਦ ਉਨ੍ਹਾਂ ਦਾ ਪੁੱਤਰ ਭਾਈ ਅੰਮਿ੍ਤਪਾਲ ਸਿੰਘ ਜੇਲ੍ਹ 'ਚੋਂ ਬਾਹਰ ਆਏਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਲਈ ਮੁੜ ਤੋਂ ਯਤਨ ਆਰੰਭੇ ਜਾਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸੇਖੋਂ ਅਤੇ ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਲਵਲੀ, ਜ਼ਿਲ੍ਹਾ ਆਗੂ ਮੱਖਣ ਸਿੰਘ ਸਹੋਤਾ, ਜ਼ਿਲ੍ਹਾ ਆਗੂ ਉਂਕਾਰ ਸਿੰਘ ਦਿਹਾਣਾ, ਗੁਰਜੀਤ ਸਿੰਘ ਸੋਨਾ, ਭੁਪਿੰਦਰ ਸਿੰਘ ਸੱਜਣ, ਮਲਕੀਤ ਸਿੰਘ ਅਸਲਾਮਾਬਾਦ, ਸੁਖਵਿੰਦਰ ਸਿੰਘ ਸੁੱਖੀ, ਪ੍ਰਭਜੋਤ ਸਿੰਘ, ਅਨਮੋਲਮੀਤ ਸਿੰਘ, ਸਿਮਰਨਜੀਤ ਸਿੰਘ ਸੇਮਾ, ਅਮਨਦੀਪ ਸਿੰਘ ਸਨੀ, ਅੰਮਿ੍ਤਪਾਲ ਸਿੰਘ, ਲਖਵੀਰ ਸਿੰਘ ਲਵੀ, ਪਰਮਜੀਤ ਸਿੰਘ ਮਿੰਟੂ, ਰਣਜੀਤ ਸਿੰਘ ਸਾਬੀ, ਰਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |
ਅਕਾਲੀ ਦਲ ਵਾਰਿਸ ਪੰਜਾਬ ਨੇ ਨਸ਼ਿਆਂ ਦੇ ਵਿਰੋਧ 'ਚ ਹੁਸ਼ਿਆਰਪੁਰ 'ਚ ਕੱਢਿਆ ਵਿਸ਼ਾਲ ਮਾਰਚ
ਅਜੀਤ ਡੈਸਕ
10-06-2026