ਤਲਵਾੜਾ, 9 ਜੂਨ (ਮਹਿਤਾ)- ਕੰਢੀ ਖੇਤਰ ਦੇ ਕਸਬਾ ਤਲਵਾੜਾ ਦੀ ਧੀ ਗੁਰਸਲੀਨ ਕੌਰ ਨੇ ਭਾਰਤੀ ਹਵਾਈ ਫ਼ੌਜ ਦੇ ਨਤੀਜਿਆਂ 'ਚ ਇਤਿਹਾਸ ਰਚਦਿਆਂ ਕਰੀਬ 6 ਲੱਖ ਤੋਂ ਵੱਧ ਪ੍ਰੀਖਿਆਰਥੀਆਂ ਦੇ ਵਿਚੋਂ ਆਲ ਇੰਡੀਆ ਪੱਧਰ 'ਤੇ 35ਵਾਂ ਰੈਂਕ ਹਾਸਲ ਕਰਦਿਆਂ ਕਮਿਸ਼ਨਡ ਅਫ਼ਸਰ ਬਣ ਕੇ ਅਸਮਾਨ ਵਿਚ ਉਡਾਣ ਭਰਨ ਦੀ ਤਿਆਰੀ ਕਰ ਲਈ ਹੈ | ਇਸ ਪ੍ਰਾਪਤੀ ਨਾਲ ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪੰਜਾਬ ਦਾ ਮਾਣ ਵਧਾਇਆ ਹੈ | ਏਅਰ ਫੋਰਸ ਦੀ ਕਮਿਸ਼ਨਡ ਅਫ਼ਸਰ ਦੀ ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਸਖ਼ਤ ਪ੍ਰੀਖਿਆਵਾਂ 'ਚੋਂ ਇੱਕ ਮੰਨੀ ਜਾਂਦੀ ਹੈ | ਲਿਖਤੀ ਪ੍ਰੀਖਿਆ, ਐੱਸ ਐੱਸ ਬੀ ਇੰਟਰਵਿਊ, ਮੈਡੀਕਲ ਟੈੱਸਟ ਹਰ ਪੜਾਅ 'ਤੇ ਸੈਂਕੜੇ ਕੁਆਲੀਫ਼ਾਈ ਹੁੰਦੇ ਹਨ, ਪਰ ਸਿਰਫ਼ ਕੁੱਝ ਹੀ ਚੁਣੇ ਜਾਂਦੇ ਹਨ | ਗੁਰਸਲੀਨ ਕੌਰ ਨੇ ਇਹ ਸਾਬਤ ਕਰ ਦਿੱਤਾ ਕਿ ਇਰਾਦੇ ਪੱਕੇ ਹੋਣ ਤਾਂ ਅਸਮਾਨ ਵੀ ਛੋਟਾ ਪੈ ਜਾਂਦਾ ਹੈ | ਉਹ ਤਿੰਨ ਵਾਰ ਸਰਵਿਸ ਸਿਲੈੱਕਸ਼ਨ ਬੋਰਡ ਅਤੇ ਏਅਰ ਫੋਰਸ ਸਿਲੈੱਕਸ਼ਨ ਬੋਰਡ ਲਈ ਰਿਕਮੈਂਡ ਹੋ ਚੁੱਕੀ ਹੈ | ਅਗਸਤ 2025 'ਚ ਹੋਈ ਲਿਖਤੀ ਪ੍ਰੀਖਿਆ 'ਚ ਮਾਰੀ ਬਾਜ਼ੀ ਨੇ ਉਸ ਦੇ ਸਾਲਾਂ ਦੇ ਸੁਪਨੇ ਨੂੰ ਹਕੀਕਤ ਬਣਾ ਦਿੱਤਾ | ਗੁਰਸਲੀਨ ਦੀ ਸਫਲਤਾ ਪਿੱਛੇ ਪੜ੍ਹਾਈ ਦਾ ਮਜ਼ਬੂਤ ਆਧਾਰ ਹੈ, ਜਿਸ ਨੇ 12ਵੀਂਾ ਨਾਨ-ਮੈਡੀਕਲ ਬੀ. ਬੀ. ਐਮ. ਬੀ. ਦੇ ਡੀ. ਏ. ਵੀ. ਪਬਲਿਕ ਸਕੂਲ ਤਲਵਾੜਾ ਤੋਂ ਕੀਤੀ ਅਤੇ ਬੀ. ਐੱਸ. ਸੀ. ਆਨਰਜ਼ ਫਿਜ਼ਿਕਸ , ਐਮ ਐੱਸ ਸੀ ਫਿਜ਼ਿਕਸ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਰਨ ਉਪਰੰਤ ਐਮ ਏ ਇੰਗਲਿਸ਼ ਕੀਤੀ | ਏਅਰ ਫੋਰਸ 'ਚ ਅਫ਼ਸਰ ਲਈ ਟੈਕਨੀਕਲ ਗਿਆਨ ਦੇ ਨਾਲ-ਨਾਲ ਸੰਚਾਰ ਕਲਾ ਵੀ ਜ਼ਰੂਰੀ ਹੈ, ਅਤੇ ਗੁਰਸਲੀਨ ਨੇ ਦੋਵਾਂ 'ਚ ਮੁਹਾਰਤ ਹਾਸਲ ਕੀਤੀ | ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ 'ਚੋਂ ਸਿਰਫ਼ ਦੋ ਕੁੜੀਆਂ ਦੀ ਚੋਣ ਹੋਈ ਹੈ | ਪਹਿਲਾ ਰੈਂਕ ਰੋਪੜ ਦੀ ਧੀ ਨੇ ਲਿਆ, ਅਤੇ ਦੂਜਾ ਨਾਂਅ ਹੈ ਤਲਵਾੜਾ ਦੀ ਗੁਰਸਲੀਨ ਕੌਰ ਦਾ | ਕੰਢੀ ਖੇਤਰ ਜਿੱਥੇ ਸਰੋਤ ਘੱਟ ਹਨ, ਉੱਥੋਂ ਦੀ ਕੁੜੀ ਦਾ ਆਲ ਇੰਡੀਆ 35ਵਾਂ ਰੈਂਕ ਲੈਣਾ ਹਜ਼ਾਰਾਂ ਬੇਟੀਆਂ ਲਈ ਪ੍ਰੇਰਨਾ ਬਣੇਗਾ | ਇਸ ਧੀ ਦੀ ਸਫਲਤਾ ਪਿੱਛੇ ਜੇਕਰ ਮਾਪਿਆਂ ਦਾ ਨਾ ਕੀਤਾ ਗਿਆ ਤਾਂ ਉਹ ਬੇਇਨਸਾਫ਼ੀ ਹੋਵੇਗੀ ਕਿਉਂਕਿ ਇਸ ਸਫਲਤਾ ਲਈ ਉਸ ਦੇ ਮਾਪਿਆਂ ਦਾ ਵੀ ਵੱਡਾ ਹੱਥ ਹੈ ਪਰਿਵਾਰ ਦਾ ਵੱਡਾ ਹੱਥ ਹੈ | ਉਸ ਦੇ ਪਿਤਾ ਧਰਮਿੰਦਰ ਸਿੰਘ ਵੜੈਚ ਬੀ.ਬੀ.ਐਮ. ਵਿਖੇ ਐੱਸ. ਡੀ. ਓ. ਤਾਇਨਾਤ ਹਨ ਜਦ ਕਿ ਮਾਤਾ ਜਸਪਾਲ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ 'ਚ ਲੈਕਚਰਾਰ ਹਨ | ਇਸ ਲਈ ਅਧਿਆਪਕ ਮਾਂ ਤੇ ਇੰਜੀਨੀਅਰ ਪਿਤਾ ਨੇ ਧੀ ਨੂੰ ਸੰਸਕਾਰ, ਅਨੁਸ਼ਾਸਨ ਅਤੇ ਮਿਹਨਤ ਦੀ ਗੁੜ੍ਹਤੀ ਦਿੱਤੀ |
ਕੰਢੀ ਦੀ ਧੀ ਗੁਰਸਲੀਨ ਕੌਰ ਏਅਰ ਫੋਰਸ ਦੀ ਕਮਿਸ਼ਨਡ ਅਫ਼ਸਰ ਬਣ ਕੇ ਅਸਮਾਨ 'ਚ ਉਡਾਣ ਭਰਨ ਲਈ ਤਿਆਰ
ਅਜੀਤ ਡੈਸਕ
10-06-2026